ਪਠਾਨਕੋਟ, 12 ਅਕਤੂਬਰ 2026 AJ DI Awaaj
Punjab Desk : ਸਮਾਂ ਬਲਵਾਨ ਹੈ ਅਤੇ ਮੁਸੀਬਤ ਕਦੇ ਦੱਸ ਕੇ ਨਹੀਂ ਆਉਂਦੀ। ਜ਼ਿੰਦਗੀ ਦਾ ਸਫ਼ਰ ਕਦੋਂ ਹੱਸਦਿਆਂ-ਖੇਡਦਿਆਂ ਪਲਾਂ ਤੋਂ ਅਚਾਨਕ ਕਿਸੇ ਅਣਹੋਣੀ ਵੱਲ ਮੁੜ ਜਾਵੇ, ਇਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਅੱਜ ਦੇ ਤੇਜ਼-ਤਰਾਰ ਅਤੇ ਮਸ਼ੀਨੀ ਯੁੱਗ ਵਿੱਚ ਹਾਦਸਿਆਂ ਦਾ ਵਾਪਰਨਾ ਕੋਈ ਅਸਾਧਾਰਨ ਗੱਲ ਨਹੀਂ ਰਹੀ। ਕਦੇ ਸੜਕ ’ਤੇ ਹਾਦਸਾ ਵਾਪਰ ਜਾਂਦਾ ਹੈ, ਕਦੇ ਘਰ ਵਿੱਚ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ, ਕਦੇ ਖਿਡਾਰੀ ਖੇਡ ਮੈਦਾਨ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਅਤੇ ਕਦੇ ਖੇਤਾਂ ਵਿੱਚ ਕੰਮ ਕਰਦਿਆਂ ਕੋਈ ਹਾਦਸਾ ਵਾਪਰ ਜਾਂਦਾ ਹੈ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਵੀ ਮਨੁੱਖੀ ਜੀਵਨ ਨੂੰ ਪਲਾਂ ਵਿੱਚ ਸੰਕਟ ਵਿੱਚ ਪਾ ਸਕਦੀਆਂ ਹਨ।
ਸੱਪ, ਠੂੰਹੇ ਅਤੇ ਹੋਰ ਜ਼ਹਿਰੀਲੇ ਜੀਵਾਂ ਦਾ ਡੱਸਣਾ ਵੀ ਸਾਡੇ ਸਮਾਜ ਵਿੱਚ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਹੈ। ਇਸੇ ਤਰ੍ਹਾਂ ਤੂਫ਼ਾਨ, ਹੜ੍ਹ, ਭੂਚਾਲ, ਭਾਰੀ ਬਰਸਾਤ ਅਤੇ ਹੋਰ ਕੁਦਰਤੀ ਆਫ਼ਤਾਂ ਕਈ ਵਾਰ ਅਜਿਹੇ ਹਾਲਾਤ ਪੈਦਾ ਕਰ ਦਿੰਦੀਆਂ ਹਨ, ਜਿੱਥੇ ਮਨੁੱਖ ਨੂੰ ਆਪਣੀ ਜਾਨ ਬਚਾਉਣ ਲਈ ਪਲ-ਪਲ ਸੰਘਰਸ਼ ਕਰਨਾ ਪੈਂਦਾ ਹੈ। ਹੜ੍ਹ ਦੇ ਪਾਣੀ ਵਿੱਚ ਰੁੜ੍ਹ ਜਾਣਾ, ਮਲਬੇ ਹੇਠਾਂ ਦੱਬ ਜਾਣਾ, ਅੱਗ ਨਾਲ ਝੁਲਸ ਜਾਣਾ ਜਾਂ ਕਿਸੇ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਜਾਣਾ, ਇਹ ਸਾਰੇ ਅਜਿਹੇ ਮੌਕੇ ਹਨ, ਜਿੱਥੇ ਹਰ ਪਲ ਕੀਮਤੀ ਹੁੰਦਾ ਹੈ।
ਅਜਿਹੀ ਸੰਕਟਮਈ ਘੜੀ ਵਿੱਚ ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਡਾਕਟਰ, ਹਸਪਤਾਲ ਜਾਂ ਐਂਬੂਲੈਂਸ ਤੱਕ ਪਹੁੰਚਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਪਰ ਕਈ ਵਾਰ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸਿਰਫ਼ ਕੁਝ ਮਿੰਟਾਂ ਦਾ ਹੀ ਫ਼ਾਸਲਾ ਹੁੰਦਾ ਹੈ। ਇਹੀ ਉਹ ਨਾਜ਼ੁਕ ਸਮਾਂ ਹੁੰਦਾ ਹੈ, ਜਦੋਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਦਿੱਤੀ ਗਈ ਮੁੱਢਲੀ ਸਹਾਇਤਾ (ਫਸਟ ਏਡ) ਕਿਸੇ ਮਨੁੱਖ ਲਈ ਜੀਵਨ-ਦਾਨ ਸਾਬਤ ਹੋ ਸਕਦੀ ਹੈ।
ਮੁੱਢਲੀ ਸਹਾਇਤਾ ਸਿਰਫ਼ ਡਾਕਟਰਾਂ, ਨਰਸਾਂ ਜਾਂ ਸਿਹਤ ਵਿਭਾਗ ਨਾਲ ਜੁੜੇ ਕਰਮਚਾਰੀਆਂ ਦੀ ਹੀ ਜ਼ਿੰਮੇਵਾਰੀ ਨਹੀਂ। ਸੰਕਟ ਦੀ ਘੜੀ ਵਿੱਚ ਜ਼ਖ਼ਮੀ ਵਿਅਕਤੀ ਦੇ ਸਭ ਤੋਂ ਨੇੜੇ ਮੌਜੂਦ ਆਮ ਨਾਗਰਿਕ ਹੀ ਉਸ ਦਾ ਪਹਿਲਾ ਸਹਾਰਾ ਬਣ ਸਕਦਾ ਹੈ। ਇਸ ਲਈ ਹਰ ਨਾਗਰਿਕ ਲਈ ਮੁੱਢਲੀ ਸਹਾਇਤਾ ਦਾ ਗਿਆਨ ਅਤੇ ਸਿਖਲਾਈ ਬਹੁਤ ਮਹੱਤਵਪੂਰਨ ਹੈ। ਇਹ ਗਿਆਨ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।
ਮੁੱਢਲੀ ਸਹਾਇਤਾ ਦੀ ਸਿਖਲਾਈ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੀ ਨਹੀਂ, ਸਗੋਂ ਕਿਸੇ ਦੀ ਅਨਮੋਲ ਜਾਨ ਬਚਾਉਣ ਦਾ ਸਾਧਨ ਵੀ ਬਣ ਸਕਦੀ ਹੈ। ਇਸ ਲਈ ਸਿਖਲਾਈ ਦੇਣ ਵਾਲੇ ਟ੍ਰੇਨਰ ਨੂੰ ਸੱਪ ਦੇ ਡੰਗਣ, ਡੁੱਬਣ, ਬੇਹੋਸ਼ੀ, ਹੱਡੀ ਟੁੱਟਣ, ਖ਼ੂਨ ਵਗਣ ਅਤੇ ਦਿਲ ਦੀ ਧੜਕਣ ਬੰਦ ਹੋਣ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਮੁੱਢਲੀ ਸਹਾਇਤਾ ਦੇਣ ਦਾ ਸਹੀ ਤੇ ਵਿਹਾਰਕ ਗਿਆਨ ਹੋਣਾ ਲਾਜ਼ਮੀ ਹੈ। ਕਿਉਂਕਿ ਸਹੀ ਸਮੇਂ ’ਤੇ ਦਿੱਤੀ ਮੁੱਢਲੀ ਸਹਾਇਤਾ ਜ਼ਿੰਦਗੀ ਅਤੇ ਮੌਤ ਵਿਚਕਾਰਲਾ ਫ਼ਰਕ ਬਣ ਸਕਦੀ ਹੈ।
ਮੁੱਢਲੀ ਸਹਾਇਤਾ ਦੀ ਸਿਖਲਾਈ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਹੀ ਨਹੀਂ, ਸਗੋਂ ਕਿਸੇ ਦੀ ਅਨਮੋਲ ਜਾਨ ਬਚਾਉਣ ਦਾ ਸਾਧਨ ਵੀ ਬਣ ਸਕਦੀ ਹੈ। ਇਸ ਲਈ ਸਿਖਲਾਈ ਦੇਣ ਵਾਲੇ ਟ੍ਰੇਨਰ ਨੂੰ ਸੱਪ ਦੇ ਡੰਗਣ, ਡੁੱਬਣ, ਬੇਹੋਸ਼ੀ, ਹੱਡੀ ਟੁੱਟਣ, ਖ਼ੂਨ ਵਗਣ ਅਤੇ ਦਿਲ ਦੀ ਧੜਕਣ ਬੰਦ ਹੋਣ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਮੁੱਢਲੀ ਸਹਾਇਤਾ ਦੇਣ ਦਾ ਸਹੀ ਤੇ ਵਿਹਾਰਕ ਗਿਆਨ ਹੋਣਾ ਲਾਜ਼ਮੀ ਹੈ। ਕਿਉਂਕਿ ਸਹੀ ਸਮੇਂ ’ਤੇ ਦਿੱਤੀ ਮੁੱਢਲੀ ਸਹਾਇਤਾ ਜ਼ਿੰਦਗੀ ਅਤੇ ਮੌਤ ਵਿਚਕਾਰਲਾ ਫ਼ਰਕ ਬਣ ਸਕਦੀ ਹੈ।
ਜ਼ਰਾ ਕਲਪਨਾ ਕਰੋ ਕਿ ਸੜਕ ’ਤੇ ਤੁਰਦਿਆਂ ਕਿਸੇ ਵਿਅਕਤੀ ਨੂੰ ਸੱਪ ਡੱਸ ਲੈਂਦਾ ਹੈ। ਉਸ ਵੇਲੇ ਆਸ-ਪਾਸ ਮੌਜੂਦ ਲੋਕਾਂ ਦਾ ਘਬਰਾ ਜਾਣਾ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਇਸ ਦੇ ਉਲਟ, ਜੇ ਕੋਈ ਜਾਗਰੂਕ ਵਿਅਕਤੀ ਸਹੀ ਮੁੱਢਲੀ ਸਹਾਇਤਾ ਦੇ ਤਰੀਕਿਆਂ ਤੋਂ ਜਾਣੂ ਹੋਵੇ ਅਤੇ ਬਿਨਾਂ ਸਮਾਂ ਗੁਆਏ ਡਾਕਟਰੀ ਸਹਾਇਤਾ ਲੈਣ ਲਈ ਕਦਮ ਚੁੱਕੇ, ਤਾਂ ਉਹ ਪੀੜਤ ਵਿਅਕਤੀ ਲਈ ਬੇਹੱਦ ਮਹੱਤਵਪੂਰਨ ਸਹਾਰਾ ਬਣ ਸਕਦਾ ਹੈ। ਇਸੇ ਤਰ੍ਹਾਂ ਘਰ, ਸਕੂਲ, ਕਾਲਜ, ਦਫ਼ਤਰ, ਖੇਡ ਮੈਦਾਨ ਜਾਂ ਖੇਤਾਂ ਵਿੱਚ ਕੰਮ ਕਰਦਿਆਂ ਕੋਈ ਅਚਨਚੇਤ ਹਾਦਸਾ ਵਾਪਰ ਜਾਵੇ ਤਾਂ ਨੇੜੇ ਖੜ੍ਹਾ ਜਾਗਰੂਕ ਨਾਗਰਿਕ ਮੁੱਢਲੀ ਸਹਾਇਤਾ ਦੇ ਕੇ ਕੀਮਤੀ ਸਮਾਂ ਬਚਾ ਸਕਦਾ ਹੈ।
ਇੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਮੁੱਢਲੀ ਸਹਾਇਤਾ ਦਾ ਮਕਸਦ ਡਾਕਟਰ ਦੀ ਥਾਂ ਲੈਣਾ ਨਹੀਂ ਹੁੰਦਾ। ਇਸ ਦਾ ਮੁੱਖ ਉਦੇਸ਼ ਡਾਕਟਰੀ ਸਹਾਇਤਾ ਮਿਲਣ ਤੱਕ ਜ਼ਖ਼ਮੀ ਜਾਂ ਪੀੜਤ ਵਿਅਕਤੀ ਦੀ ਹਾਲਤ ਨੂੰ ਹੋਰ ਵਿਗੜਨ ਤੋਂ ਰੋਕਣਾ ਅਤੇ ਜਿੱਥੇ ਸੰਭਵ ਹੋਵੇ, ਉਸ ਦੀ ਜਾਨ ਬਚਾਉਣ ਲਈ ਤੁਰੰਤ ਅਤੇ ਸਹੀ ਸਹਾਇਤਾ ਦੇਣਾ ਹੁੰਦਾ ਹੈ। ਸਹੀ ਸਮੇਂ ’ਤੇ ਕੀਤੀ ਗਈ ਛੋਟੀ ਜਿਹੀ ਕੋਸ਼ਿਸ਼ ਕਈ ਵਾਰ ਵੱਡੇ ਨੁਕਸਾਨ ਨੂੰ ਟਾਲ ਸਕਦੀ ਹੈ।
ਕੁਦਰਤੀ ਆਫ਼ਤਾਂ ਅਤੇ ਅਚਾਨਕ ਵਾਪਰਨ ਵਾਲੇ ਹਾਦਸੇ ਸਾਨੂੰ ਵਾਰ-ਵਾਰ ਇਹ ਅਹਿਮ ਸਬਕ ਸਿਖਾਉਂਦੇ ਹਨ ਕਿ ਸੰਕਟ ਨਾਲ ਨਜਿੱਠਣ ਦੀ ਤਿਆਰੀ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰੇਕ ਨਾਗਰਿਕ ਦਾ ਸਾਂਝਾ ਫ਼ਰਜ਼ ਵੀ ਹੈ। ਜੇ ਹਰ ਵਿਅਕਤੀ ਮੁੱਢਲੀ ਸਹਾਇਤਾ ਦੀ ਬੁਨਿਆਦੀ ਸਿਖਲਾਈ ਹਾਸਲ ਕਰ ਲਵੇ ਤਾਂ ਮੁਸੀਬਤ ਦੀ ਘੜੀ ਵਿੱਚ ਘਬਰਾਹਟ ਅਤੇ ਬੇਬਸੀ ਦੀ ਥਾਂ ਸੂਝ-ਬੂਝ, ਹੌਸਲੇ ਅਤੇ ਮਨੁੱਖੀ ਸੰਵੇਦਨਾ ਨਾਲ ਕੰਮ ਲਿਆ ਜਾ ਸਕਦਾ ਹੈ। ਸੰਕਟ ਦੇ ਉਹ ਕੀਮਤੀ ਪਲ, ਜਿਨ੍ਹਾਂ ਵਿੱਚ ਹਰ ਸਕਿੰਟ ਜ਼ਿੰਦਗੀ ਅਤੇ ਮੌਤ ਦਰਮਿਆਨ ਫ਼ਰਕ ਪੈਦਾ ਕਰ ਸਕਦਾ ਹੈ, ਉਸ ਵੇਲੇ ਕਿਸੇ ਆਮ ਨਾਗਰਿਕ ਦਾ ਮੁੱਢਲੀ ਸਹਾਇਤਾ ਦਾ ਗਿਆਨ ਕਿਸੇ ਲਈ ਜ਼ਿੰਦਗੀ ਦੀ ਡੋਰ ਬਣ ਸਕਦਾ ਹੈ। ਇਸ ਨਾਲ ਨਾ ਕੇਵਲ ਜ਼ਖ਼ਮੀ ਜਾਂ ਪੀੜਤ ਵਿਅਕਤੀ ਨੂੰ ਡਾਕਟਰੀ ਸਹਾਇਤਾ ਮਿਲਣ ਤੱਕ ਤੁਰੰਤ ਸਹਾਰਾ ਪ੍ਰਦਾਨ ਹੁੰਦਾ ਹੈ, ਬਲਕਿ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਵੀ ਵੱਡੀ ਮਦਦ ਮਿਲਦੀ ਹੈ।
ਮੁੱਢਲੀ ਸਹਾਇਤਾ ਦੀ ਸਿਖਲਾਈ ਦਾ ਮਹੱਤਵ ਸਕੂਲੀ ਪੱਧਰ ਤੋਂ ਹੀ ਸਮਝਾਇਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣ ਦੀ ਬਜਾਏ ਐਮਰਜੈਂਸੀ ਦੀ ਸਥਿਤੀ ਵਿੱਚ ਸਹੀ ਢੰਗ ਨਾਲ ਪ੍ਰਤੀਕਿਰਿਆ ਕਰਨ ਦੀ ਵਿਹਾਰਕ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਮੁੱਢਲੀ ਸਹਾਇਤਾ, ਐਮਰਜੈਂਸੀ ਪ੍ਰਬੰਧਨ ਅਤੇ ਬਚਾਅ ਕਾਰਜਾਂ ਨਾਲ ਸਬੰਧਤ ਸਮੇਂ-ਸਮੇਂ ’ਤੇ ਅਭਿਆਸ ਕਰਵਾਏ ਜਾਣ ਤਾਂ ਜੋ ਵਿਦਿਆਰਥੀ ਸੰਕਟ ਦੇ ਸਮੇਂ ਘਬਰਾਉਣ ਦੀ ਬਜਾਏ ਹਿੰਮਤ ਅਤੇ ਸਮਝਦਾਰੀ ਨਾਲ ਕੰਮ ਕਰ ਸਕਣ।
ਇਸੇ ਤਰ੍ਹਾਂ ਦਫ਼ਤਰਾਂ, ਉਦਯੋਗਿਕ ਅਦਾਰਿਆਂ, ਖੇਡ ਸੰਸਥਾਵਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਮੁੱਢਲੀ ਸਹਾਇਤਾ ਦੀ ਸਿਖਲਾਈ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜਨਤਕ ਥਾਵਾਂ ’ਤੇ ਮੁੱਢਲੀ ਸਹਾਇਤਾ ਦੀਆਂ ਕਿੱਟਾਂ ਉਪਲਬਧ ਹੋਣ ਅਤੇ ਲੋਕਾਂ ਨੂੰ ਉਨ੍ਹਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇ। ਖ਼ਾਸ ਕਰਕੇ ਅਜਿਹੇ ਸਥਾਨਾਂ ’ਤੇ, ਜਿੱਥੇ ਹਾਦਸਿਆਂ ਦਾ ਖ਼ਤਰਾ ਵੱਧ ਹੁੰਦਾ ਹੈ, ਮੁੱਢਲੀ ਸਹਾਇਤਾ ਦੀਆਂ ਸਹੂਲਤਾਂ ਅਤੇ ਸਿਖਲਾਈ ਨੂੰ ਤਰਜੀਹ ਮਿਲਣੀ ਚਾਹੀਦੀ ਹੈ।
ਅਸਲ ਵਿੱਚ ਆਫ਼ਤ ਆਉਣ ਤੋਂ ਬਾਅਦ ਤਿਆਰੀ ਕਰਨ ਨਾਲੋਂ ਆਫ਼ਤ ਤੋਂ ਪਹਿਲਾਂ ਤਿਆਰ ਰਹਿਣਾ ਕਿਤੇ ਬਿਹਤਰ ਹੈ। ਸਾਨੂੰ ਆਪਣੇ ਘਰਾਂ, ਸਕੂਲਾਂ, ਦਫ਼ਤਰਾਂ ਅਤੇ ਜਨਤਕ ਥਾਵਾਂ ’ਤੇ ਮੁੱਢਲੀ ਸਹਾਇਤਾ ਦੀਆਂ ਲੋੜੀਂਦੀਆਂ ਸਹੂਲਤਾਂ ਦੇ ਨਾਲ-ਨਾਲ ਇਸ ਦੀ ਸਹੀ ਸਿਖਲਾਈ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਕਿਉਂਕਿ ਐਮਰਜੈਂਸੀ ਦੇ ਸਮੇਂ ਕਿਤਾਬਾਂ ਪੜ੍ਹ ਕੇ ਸਿੱਖਣ ਦਾ ਮੌਕਾ ਨਹੀਂ ਮਿਲਦਾ; ਉਸ ਵੇਲੇ ਪਹਿਲਾਂ ਤੋਂ ਹਾਸਲ ਕੀਤਾ ਗਿਆ ਗਿਆਨ ਅਤੇ ਅਭਿਆਸ ਹੀ ਕੰਮ ਆਉਂਦਾ ਹੈ।
ਕਿਸੇ ਦੀ ਜ਼ਿੰਦਗੀ ਬਚਾਉਣ ਲਈ ਹਮੇਸ਼ਾ ਡਾਕਟਰ ਹੋਣਾ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਸਹੀ ਸਮੇਂ ’ਤੇ ਸਹੀ ਮੁੱਢਲੀ ਸਹਾਇਤਾ ਦੇਣ ਵਾਲਾ ਇੱਕ ਜਾਗਰੂਕ ਇਨਸਾਨ ਵੀ ਫ਼ਰਿਸ਼ਤੇ ਤੋਂ ਘੱਟ ਨਹੀਂ ਹੁੰਦਾ। ਉਸ ਦੇ ਕੁਝ ਪਲਾਂ ਦੇ ਫ਼ੈਸਲੇ ਕਿਸੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਉੱਜੜਨ ਤੋਂ ਬਚਾ ਸਕਦੇ ਹਨ। ਇਸੇ ਲਈ ਮੁੱਢਲੀ ਸਹਾਇਤਾ ਨੂੰ ਸਿਰਫ਼ ਇੱਕ ਹੁਨਰ ਨਹੀਂ, ਸਗੋਂ ਮਨੁੱਖੀ ਫ਼ਰਜ਼ ਅਤੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਣ ਦੀ ਲੋੜ ਹੈ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਸਮਾਂ ਕਿਸੇ ਲਈ ਨਹੀਂ ਰੁਕਦਾ, ਪਰ ਸਹੀ ਸਮੇਂ ਕੀਤੀ ਗਈ ਇੱਕ ਛੋਟੀ ਜਿਹੀ ਕੋਸ਼ਿਸ਼ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦੀ ਹੈ। ਇਸ ਲਈ ਹਰ ਜਾਗਰੂਕ ਨਾਗਰਿਕ ਨੂੰ ਮੁੱਢਲੀ ਸਹਾਇਤਾ ਦਾ ਗਿਆਨ ਅਤੇ ਸਿਖਲਾਈ ਹਾਸਲ ਕਰਨੀ ਚਾਹੀਦੀ ਹੈ। ਕਿਉਂਕਿ ਸਾਨੂੰ ਨਹੀਂ ਪਤਾ ਕਿ ਕਦੋਂ, ਕਿੱਥੇ ਅਤੇ ਕਿਸੇ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਸਾਡੇ ਹੱਥ ਹੀ ਉਸ ਦਾ ਪਹਿਲਾ ਸਹਾਰਾ ਬਣ ਜਾਣ। ਮੁੱਢਲੀ ਸਹਾਇਤਾ ਸਿਰਫ਼ ਕੁਝ ਪਲਾਂ ਦੀ ਮਦਦ ਨਹੀਂ, ਇਹ ਕਿਸੇ ਲਈ ਜ਼ਿੰਦਗੀ ਅਤੇ ਮੌਤ ਵਿਚਕਾਰ ਬਣ ਸਕਣ ਵਾਲਾ ਉਹ ਪੁਲ ਹੈ, ਜਿਸ ਦੀ ਲੋੜ ਕਦੇ ਵੀ, ਕਿਤੇ ਵੀ ਪੈ ਸਕਦੀ ਹੈ।



















