ਫਿੰਗਰਪ੍ਰਿੰਟ ਸਮੱਸਿਆ ਕਾਰਨ ਰੁਕਾਵਟ, CM ਮਾਨ ਲੱਭਣਗੇ ਹੱਲ

18

Punjab 19 Mar 2026 AJ DI Awaaj

Punjab Desk :    ਪੰਜਾਬ ਸਰਕਾਰ ਦੀ “ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੀ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਲਾਭ ਮਿਲਣਾ ਹੈ। ਇਸ ਯੋਜਨਾ ਦੇ ਤਹਿਤ ਰਕਮ ਸਿੱਧੀ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ, ਜਿਸ ਕਾਰਨ ਔਰਤਾਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਪਰ ਇਸ ਦੌਰਾਨ ਕਈ ਔਰਤਾਂ ਨੂੰ ਬੈਂਕ ਖਾਤੇ ਖੋਲ੍ਹਣ ਅਤੇ ਆਧਾਰ ਲਿੰਕ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਖਾਸ ਕਰਕੇ ਬਜ਼ੁਰਗ ਅਤੇ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਘਿਸ ਜਾਣ ਕਾਰਨ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਹੀਂ ਹੋ ਪਾ ਰਿਹਾ, ਜਿਸ ਕਰਕੇ ਉਹ ਯੋਜਨਾ ਦਾ ਲਾਭ ਨਹੀਂ ਲੈ ਸਕ ਰਹੀਆਂ।

ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਇਸਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਅਤੇ ਬੈਂਕਾਂ ਨਾਲ ਮੀਟਿੰਗ ਕਰਨ ਦੇ ਹੁਕਮ ਦਿੱਤੇ ਹਨ। ਸੀਐਮ ਮਾਨ ਦਾ ਕਹਿਣਾ ਹੈ ਕਿ ਕੋਈ ਵੀ ਲੋੜਵੰਦ ਔਰਤ ਇਸ ਯੋਜਨਾ ਤੋਂ ਵਾਂਝੀ ਨਾ ਰਹੇ ਅਤੇ ਇਸ ਲਈ ਆਧਾਰ ਨਾਲ ਜੁੜੀਆਂ ਰੁਕਾਵਟਾਂ ਦਾ ਹੱਲ ਜਲਦ ਲੱਭਿਆ ਜਾਵੇਗਾ।