ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫਰੀਦਕੋਟ।
ਫਰੀਦਕੋਟ, ਅੱਜ ਦੀ ਆਵਾਜ਼ | 20 ਅਪ੍ਰੈਲ 2025
ਮੁੱਖ ਖੇਤੀਬਾੜੀ ਅਫਸਰ ਡਾ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਹਾੜੀ ਦੀ ਮੁੱਖ ਫਸਲ ਕਣਕ ਦੀ ਵਾਢੀ ਦਾ ਕੰਮ ਬੜੀ ਜੋਰਾ ਨਾਲ ਚੱਲ ਰਿਹਾ ਹੈ। ਇਸ ਦੌਰਾਨ ਪਿਛਲੇ ਕੁਝ ਦਿਨਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਕਾਰਨ ਕਿਸਾਨ ਵੀਰਾਂ ਦਾ ਮਾਲੀ ਨੁਕਸਾਨ ਹੋਣ ਦੇ ਨਾਲ-ਨਾਲ ਮਨੁੱਖੀ ਜਾਂ ਹੋਰ ਕੁਦਰਤੀ ਨੁਕਸਾਨ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਉਹਨਾਂ ਵੱਲੋਂ ਕਿਸਾਨ ਵੀਰਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਚਿਰ ਕਣਕ ਦੀ ਵਾਢੀ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦਾ ਉਹਨਾਂ ਚਿਰ ਕਣਕ ਦੀ ਤੂੜੀ ਬਣਾਉਣ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਕਣਕ ਵੱਢਣ ਤੋਂ ਤੁਰੰਤ ਬਾਅਦ ਤੂੜੀ ਬਣਾਉਣ ਸਮੇਂ ਨਾੜ ਸਿੱਲਾ ਹੋਣ ਕਾਰਨ ਤੂੜੀ ਬਣਾਉਣ ਵਾਲੀ ਮਸ਼ੀਨ ਵਿੱਚੋਂ ਚਿੰਗਿਆੜੀ ਨਿਕਲਣ ਦਾ ਖਦਸ਼ਾ ਰਹਿੰਦਾ ਹੈ, ਜੋ ਕਿ ਨਾਲ ਦੇ ਖੇਤਾਂ ਵਿੱਚ ਖੜੀ ਕਣਕ ਦੇ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਕਣਕ ਦਾ ਨਾੜ ਸੁੱਕਣ ਉਪਰੰਤ ਅਤੇ ਨਾਲ ਦੇ ਖੇਤਾਂ ਵਿੱਚ ਖੜੀਆਂ ਫਸਲਾਂ ਦੀ ਵਾਢੀ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ।
