ਫਰੀਦਕੋਟ 29 ਮਈ 2025 Aj Di Awaaj
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਵਿੱਚ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਜੋ ਕਿ ਮਿਤੀ 29-05-2025 ਤੋਂ 12-06-2025 ਤੱਕ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਵੱਲੋਂ ਪਿੰਡ ਸਰਾਵਾਂ, ਗੁਰੂਸਰ, ਪੱਖੀ, ਭਾਗਥਲਾ ਕਲਾਂ, ਕੰਮੇਆਣਾ ਅਤੇ ਮਚਾਕੀ ਮੱਲ ਸਿੰਘ ਵਿਖੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਕੈਂਪਾਂ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਵੱਲੋਂ ਕੀਤੀ ਗਈ। ਇਹਨਾਂ ਕੈਂਪਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਇਫਕੋ, ਬਾਗਬਾਨੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਹਨਾਂ ਕੈਂਪਾਂ ਦੀ ਸ਼ੁਰੂਆਤ ਪਿੰਡ ਸਰਾਵਾਂ ਤੋਂ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਵੱਲੋਂ ਕਿਸਾਨਾਂ ਨੂੰ ਇਨ੍ਹਾਂ ਕੈਂਪਾਂ ਦੀ ਮਹੱਤਤਾ ਅਤੇ ਮੰਤਵ ਦੇ ਨਾਲ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ।
ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਫਤਿਹਜੀਤ ਸਿੰਘ ਵੱਲੋਂ ਬਾਸਮਤੀ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਡਾ. ਗੁਰਪ੍ਰੀਤ ਸਿੰਘ ਟ੍ਰੇਨਿੰਗ ਅਫਸਰ ਫਰੀਦਕੋਟ ਵੱਲੋਂ ਝੋਨੇ ਦੀ ਪਨੀਰੀ ਦੀ ਤਿਆਰੀ ਸਮੇਂ ਧਿਆਨਯੋਗ ਗੱਲਾਂ ਬਾਰੇ ਦੱਸਿਆ ਗਿਆ। ਡਾ. ਬਿਕਰਮ ਚੋਪੜਾ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਅਤੇ ਡਾ. ਧਰਮਜੀਤ ਸਿੰਘ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਕੈਂਪ ਵਿੱਚ ਸ੍ਰੀ ਰਿੰਪਲਜੀਤ ਸਿੰਘ ਏ.ਐਸ.ਆਈ., ਸ੍ਰੀ ਗੁਰਮੀਤ ਸਿੰਘ ਸਰਪੰਚ, ਸ੍ਰੀ ਲਛਮਣ ਸਿੰਘ, ਸ੍ਰੀ ਅਮਰ ਸਿੰਘ, ਸ੍ਰੀ ਬਲਕਾਰ ਸਿੰਘ ਸਾਬਕਾ ਸਰਪੰਚ, ਸ੍ਰੀ ਹਰਨੇਕ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
