ਪੀ.ਏ.ਯੂ-ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਕਿਸਾਨ ਸਿਖਲਾਈ ਕੈਂਪ

26

ਤਰਨ ਤਾਰਨ, 4 ਜੂਨ 2026 AJ DI Awaaj

Punjab Desk :   ਰਸਾਇਣਕ ਖ਼ਾਦਾਂ ਦੀ ਸੰਤੁਲਿਤ, ਸੁਚੱਜੀ ਵਰਤੋਂ ਅਤੇ ਜੀਵਾਣੂ ਖ਼ਾਦਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤਰਨ ਤਾਰਨ ਦੇ ਸਹਿਯੋਗ ਨਾਲ ਪਿੰਡ ਪੱਧਰੀ ਕਲਾਂ ਵਿਖੇ ਝੋਨੇ ਅਤੇ ਬਾਸਮਤੀ ਦੀ ਪੌਦ ਨੂੰ ਲੱਗਣ ਵਾਲੇ ਜੀਵਾਣੂ ਖ਼ਾਦ ਦੇ ਟੀਕੇ, ਮਿੱਟੀ ਪਰਖ ਆਧਾਰਿਤ ਖ਼ਾਦ ਪ੍ਰਬੰਧਨ ਅਤੇ ਫਾਸਫੋਰਸ ਖ਼ਾਦ ਨੂੰ ਝੋਨੇ ਵਿੱਚ ਪਾਉਣ ਤੋਂ ਗੁਰੇਜ਼ ਕਰਨ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ 45 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ। ਡਾ. ਪਰਮਿੰਦਰ ਸਿੰਘ ਸੰਧੂ, ਫ਼ਸਲ ਵਿਗਿਆਨੀ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ’ਤੇ ਹੀ ਖ਼ਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖ਼ਾਦਾਂ ਦੀ ਸੰਤੁਲਿਤ ਵਰਤੋਂ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਘਟਦੀ ਹੈ, ਸਗੋਂ ਫ਼ਸਲ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।
ਡਾ. ਸੰਧੂ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਡੀ.ਏ.ਪੀ ਖ਼ਾਦ ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਯੂਰੀਆ ਖ਼ਾਦ ਦੀ ਵੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਖ਼ਾਦ ਵਰਤਣ ਦੀ ਪ੍ਰਥਾ ਤੋਂ ਗ਼ੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਜ਼ਿੰਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਜੈਵਿਕ ਖਾਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਸੰਧੂ ਨੇ ਕਿਹਾ ਕਿ ਝੋਨੇ ਦੀ ਪੌਦ ਨੂੰ ਲੱਗਣ ਵਾਲਾ ਐਜ਼ੋਸਪਾਇਰਲਮ ਦਾ ਟੀਕਾ ਫ਼ਸਲ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਸਿਫਾਰਿਸ਼ ਖਾਦਾਂ, ਨਦੀਨ ਪ੍ਰਬੰਧ ਅਤੇ ਹੋਰ ਪ੍ਰਬੰਧਕੀ ਸਿਫਾਰਿਸ਼ਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਸੰਧੂ ਨੇ ਝੋਨੇ ਦੀ ਪਨੀਰੀ ਵਿੱਚ ਬੌਣੇ ਬੂਟਿਆਂ ਦੇ ਰੋਗ ਦੀ ਪਛਾਣ ਅਤੇ ਰੋਕਥਾਮ ਸਬੰਧੀ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਸਾਨਾਂ ਨੂੰ ਪਨੀਰੀ ਦੀ ਨਿਯਮਿਤ ਨਿਗਰਾਨੀ ਕਰਨ ਲਈ ਪ੍ਰੇਰਿਆ। ਉਨ੍ਹਾਂ ਮੱਕੀ ਦੀ ਕਾਸ਼ਤ, ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਉਤੇ ਵੀ ਜ਼ੋਰ ਦਿੱਤਾ।
ਕੈਂਪ ਦੇ ਸਫਲ ਆਯੋਜਨ ਵਿੱਚ ਹਰਜੀਤ ਸਿੰਘ, ਅਮਰਿੰਦਰ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤਰਨ ਤਾਰਨ ਵੱਲੋ ਖਾਸ ਯੋਗਦਾਨ ਰਿਹਾ । ਕੈਂਪ ਦੌਰਾਨ ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਖੇਤੀਬਾੜੀ ਸਬੰਧੀ ਸਵਾਲਾਂ ਦੇ ਤਰਤੀਬ-ਬੱਧ ਅਤੇ ਵਿਗਿਆਨਕ ਢੰਗ ਨਾਲ ਜਵਾਬ ਦਿੱਤੇ ਗਏ। ਕਿਸਾਨਾਂ ਨੇ ਮਿੱਟੀ ਪਰਖ ਕਰਵਾਉਣ ਅਤੇ ਸਿਫਾਰਿਸ਼ੀ ਖਾਦ ਪ੍ਰਬੰਧਨ ਅਪਣਾਉਣ ਲਈ ਭਰਪੂਰ ਰੁਚੀ ਵੀ ਦਿਖਾਈ।