30October 2025 Aj Di Awaaj
Punjab Desk ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿਦੜਬਾਹਾ ਹਲਕੇ ਦੇ ਪਿੰਡ ਮਧੀਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕਿਸਾਨ ਮਾਂ–ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਦਿਖਾਇਆ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਇਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਮਾਮਲਾ ਕਿਸਾਨ ਤੇ ਆੜ੍ਹਤੀਏ ਵਿਚਕਾਰ ਪੈਸਿਆਂ ਦੇ ਲੈਣ–ਦੇਣ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਿਵਾਦ ਵਿੱਚ ਕਿਸਾਨ ਦੀ ਪਤਨੀ ਉੱਤੇ ਵੀ ਆੜ੍ਹਤੀਏ ਦਾ ਸਾਥ ਦੇਣ ਦੇ ਕਥਿਤ ਦੋਸ਼ ਲੱਗ ਰਹੇ ਹਨ।
ਵੀਡੀਓ ਵਿੱਚ ਸਪੱਸ਼ਟ ਦਿਖਾਇਆ ਗਿਆ ਹੈ ਕਿ ਮਾਂ–ਪੁੱਤਰ ਸੰਗਲਾਂ ਨਾਲ ਬੰਨ੍ਹੇ ਹੋਏ ਹਨ, ਜਦਕਿ ਆਲੇ ਦੁਆਲੇ ਕਈ ਲੋਕ ਮੌਜੂਦ ਹਨ। ਜਾਣਕਾਰੀ ਮੁਤਾਬਕ ਆੜ੍ਹਤੀਏ ਨੇ ਕਿਸਾਨ ਤੋਂ ਕੁਝ ਪੈਸੇ ਲੈਣੇ ਸਨ, ਜਿਸ ਕਾਰਨ ਦੋਵੇਂ ਪੱਖਾਂ ਵਿਚਾਲੇ ਤਣਾਅ ਵਧ ਗਿਆ। ਕਥਿਤ ਤੌਰ ‘ਤੇ ਦੱਸਿਆ ਜਾ ਰਿਹਾ ਹੈ ਕਿ ਆੜ੍ਹਤੀਏ ਅਤੇ ਕਿਸਾਨ ਦੀ ਘਰਵਾਲੀ ਵੱਲੋਂ ਹੀ ਮਾਂ–ਪੁੱਤਰ ਨੂੰ ਬੰਨ੍ਹਿਆ ਗਿਆ।
ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਦੀ ਪਤਨੀ ਨੇ ਵੀ ਆੜ੍ਹਤੀਏ ਦਾ ਸਾਥ ਦਿੱਤਾ, ਹਾਲਾਂਕਿ ਇਹ ਸਾਰੇ ਦੋਸ਼ ਇਸ ਵੇਲੇ ਕਥਿਤ ਹਨ ਅਤੇ ਕਿਸੇ ਵੀ ਪੱਖ ਵੱਲੋਂ ਇਸਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।














