ਚੰਡੀਗੜ੍ਹ/ਲੁਧਿਆਣਾ, 22 ਸਤੰਬਰ 2025 AJ DI Awaaj
Punjab Desk : ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ 12.15 ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਮੁੱਖ ਸੰਪਰਕ ਸੜਕ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ।
ਇਨ੍ਹਾਂ ਸੰਪਰਕ ਸੜਕ ਪ੍ਰਾਜੈਕਟਾਂ ਵਿੱਚ ਗੱਦੋਵਾਲ ਤੋਂ ਕਰੌਰ (1.80 ਕਿਲੋਮੀਟਰ), ਮਾਨਗੜ੍ਹ ਤੋਂ ਕੋਹਾੜਾ-ਮਾਛੀਵਾੜਾ (1.10 ਕਿਲੋਮੀਟਰ), ਕਟਾਣੀ ਖ਼ੁਰਦ ਤੋਂ ਕੋਟ ਗੰਗੂ ਰਾਏ, ਉੱਪਲਾਂ ਸੰਘੇ ਤੋਂ ਮਾਛੀਵਾੜਾ (7.20 ਕਿਲੋਮੀਟਰ), ਛੰਦੜਾਂ ਤੋਂ ਕਟਾਣੀ (1.23 ਕਿਲੋਮੀਟਰ), ਚੰਡੀਗੜ੍ਹ ਸੜਕ ਤੋਂ ਛੰਦੜਾਂ (1.20 ਕਿਲੋਮੀਟਰ), ਐਲ.ਸੀ ਸੜਕ ਤੋਂ ਹੀਰਾਂ ਤੋਂ ਬਰਵਾਲਾ ਤੋਂ ਸਾਹਨੇਵਾਲ ਤੋਂ ਰਾਮਗੜ੍ਹ (10.70 ਕਿਲੋਮੀਟਰ), ਹੀਰਾਂ ਤੋਂ ਕਨੇਚ (2.12 ਕਿਲੋਮੀਟਰ) ਅਤੇ ਸਾਹਨੇਵਾਲ ਖ਼ੁਰਦ ਸੜਕ (0.73 ਕਿਲੋਮੀਟਰ) ਸ਼ਾਮਲ ਹਨ।
ਸ. ਮੁੰਡੀਆਂ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਖੇਤਰ ਵਿੱਚ ਸੜਕੀ ਸੰਪਰਕ ਵਧੇਗਾ ਅਤੇ ਲੋਕਾਂ ਨੂੰ ਵਧੇਰੇ ਸਹੂਲਤ ਮਿਲੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਵਿਸ਼ਵ-ਪੱਧਰੀ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਸ ਦੂਰ-ਅੰਦੇਸ਼ ਸੋਚ ਦਾ ਹਿੱਸਾ ਹੈ ਜਿਸ ਤਹਿਤ ਸੂਬੇ ਭਰ ਵਿੱਚ ਵਿਸ਼ਵ-ਪੱਧਰੀ ਸੜਕੀ ਢਾਂਚਾ ਪ੍ਰਦਾਨ ਕਰਨ ਦਾ ਤਹੱਈਆ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਾਜੈਕਟ ਖੇਤਰ ‘ਚ ਸੜਕੀ ਸਹੂਲਤਾਂ ਵਧਾਉਣਗੇ, ਲੋਕਾਂ ਦੀ ਇੱਕ ਤੋਂ ਦੂਜੀ ਥਾਂ ਪਹੁੰਚ ਵਿੱਚ ਸੁਧਾਰ ਕਰਨਗੇ ਅਤੇ ਉਨ੍ਹਾਂ ਲਈ ਸੁਚਾਰੂ ਯਾਤਰਾ ਯਕੀਨੀ ਬਣਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਪ੍ਰਾਜੈਕਟ ਸਮਾਂਬੱਧ ਤਰੀਕੇ ਨਾਲ ਪੂਰੇ ਕੀਤੇ ਜਾਣਗੇ ਤਾਂ ਜੋ ਆਉਣ-ਜਾਣਾ ਸੌਖਾ ਹੋ ਸਕੇ, ਸਥਾਨਕ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਖੇਤਰ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਮਿਲ ਸਕੇ।
