ਕੈਥਲ, 5 ਜੂਨ 2026 AJ DI Awaaj
National Desk : ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਸਿੰਘ ਢਾਂਡਾ ਦੇ ਕਾਫ਼ਲੇ ਨਾਲ ਇੱਕ ਹਾਦਸਾ ਵਾਪਰ ਗਿਆ। ਕਾਫ਼ਲੇ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ‘ਤੇ ਬਿਜਲੀ ਦਾ ਖੰਭਾ ਡਿੱਗਣ ਨਾਲ ਚਾਰ ਪੁਲਿਸ ਕਰਮਚਾਰੀ ਜ਼*ਖ਼ਮੀ ਹੋ ਗਏ। ਹਾਲਾਂਕਿ, ਸਿੱਖਿਆ ਮੰਤਰੀ ਇਸ ਘਟਨਾ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਜਾਣਕਾਰੀ ਮੁਤਾਬਕ, ਸਿੱਖਿਆ ਮੰਤਰੀ ਮਹੀਪਾਲ ਸਿੰਘ ਢਾਂਡਾ ਵੀਰਵਾਰ ਨੂੰ ਸੀਵਾਨ ਵਿੱਚ ਨਗਰ ਪ੍ਰੀਸ਼ਦ ਪ੍ਰਧਾਨ ਹੇਮ ਲਤਾ ਸੈਣੀ ਦੇ ਨਿਵਾਸ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਪ੍ਰੋਗਰਾਮ ਤੋਂ ਵਾਪਸੀ ਦੌਰਾਨ ਉਨ੍ਹਾਂ ਦੇ ਕਾਫ਼ਲੇ ਦੇ ਅੱਗੇ ਸੀਵਾਨ ਥਾਣੇ ਦੀ ਪਾਇਲਟ ਗੱਡੀ ਚੱਲ ਰਹੀ ਸੀ, ਜਿਸ ਵਿੱਚ ਐਸਐਚਓ ਜੈ ਭਗਵਾਨ ਸਮੇਤ ਹੋਰ ਪੁਲਿਸ ਕਰਮਚਾਰੀ ਸਵਾਰ ਸਨ।
ਜਦੋਂ ਕਾਫ਼ਲਾ ਕੈਥਲ-ਪਟਿਆਲਾ ਸੜਕ ‘ਤੇ ਡੀਏਵੀ ਕਲੋਨੀ ਨੇੜੇ ਪਹੁੰਚਿਆ ਤਾਂ ਅਚਾਨਕ ਮੌਸਮ ਖ਼ਰਾਬ ਹੋ ਗਿਆ। ਤੇਜ਼ ਹਵਾਵਾਂ ਅਤੇ ਬੂੰਦਾਬਾਂਦੀ ਦੇ ਦੌਰਾਨ ਸੜਕ ਕਿਨਾਰੇ ਲੱਗਿਆ ਇੱਕ ਵੱਡਾ ਬਿਜਲੀ ਦਾ ਖੰਭਾ ਟੁੱਟ ਕੇ ਪਾਇਲਟ ਵਾਹਨ ‘ਤੇ ਆ ਡਿੱਗਿਆ। ਹਾਦਸੇ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਗੱਡੀ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ।
ਐਸਐਚਓ ਜੈ ਭਗਵਾਨ ਨੇ ਦੱਸਿਆ ਕਿ ਹਾਦਸੇ ਸਮੇਂ ਗੱਡੀ ਵਿੱਚ ਚਾਰ ਪੁਲਿਸ ਕਰਮਚਾਰੀ ਸਵਾਰ ਸਨ। ਉਨ੍ਹਾਂ ਦੀ ਬਾਂਹ ‘ਤੇ ਸੱਟ ਲੱਗੀ, ਜਦਕਿ ਡਰਾਈਵਰ ਤਰਸੇਮ ਦੇ ਚਿਹਰੇ ‘ਤੇ ਚੋਟ ਆਈ। ਹੋਰ ਦੋ ਕਰਮਚਾਰੀਆਂ ਰਾਜੇਸ਼ ਅਤੇ ਬਲਜੀਤ ਨੂੰ ਵੀ ਮਾਮੂਲੀ ਸੱ*ਟਾਂ ਲੱਗੀਆਂ ਹਨ।
ਸਾਰੇ ਜ਼ਖ਼*ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ। ਘਟਨਾ ਕਾਰਨ ਕੁਝ ਸਮੇਂ ਲਈ ਸੜਕ ‘ਤੇ ਆਵਾਜਾਈ ਪ੍ਰਭਾਵਿਤ ਰਹੀ। ਸੂਚਨਾ ਮਿਲਣ ‘ਤੇ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਟੁੱਟੇ ਖੰਭੇ ਨੂੰ ਹਟਾ ਕੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ।














