ਜ਼ਿਲ੍ਹਾ ਮੈਜਿਸਟ੍ਰੇਟ ਮਾਲੇਰਕੋਟਲਾ ਵੱਲੋਂ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

11

ਮਾਲੇਰਕੋਟਲਾ, 9 ਮਈ 2025 Aj Di Awaaj

                                                   ਜ਼ਿਲ੍ਹਾ ਮੈਜਿਸਟ੍ਰੇਟ-ਕਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਜਰੂਰੀ ਵਸਤੂਆਂ ਦੀ ਅਨੈਤਿਕ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਨਜਿੱਠਣ ਲਈ ਗੰਭੀਰ ਕਦਮ ਲੈਂਦੇ ਹੋਏ, ਜ਼ਰੂਰੀ ਵਸਤੂਆਂ ਐਕਟ, 1955 ਦੇ ਉਪਬੰਧਾਂ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ, 2023 ਦੀ ਧਾਰਾ 163 ਦੇ ਤਹਿਤ ਸਖ਼ਤ ਹੁਕਮ ਜਾਰੀ ਕੀਤੇ ਹਨ।  ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਵਿਅਕਤੀ, ਸਟਾਕਿਸਟ ਅਤੇ ਵਪਾਰੀ ਰੋਜ਼ਾਨਾ ਲੋੜੀਂਦੀਆਂ ਵਸਤੂਆਂ ਜਿਵੇਂ ਕਿ ਖਾਣ-ਪੀਣ ਦੀਆਂ ਵਸਤਾਂ, ਬਾਲਣ, ਡੇਅਰੀ ਉਤਪਾਦਾਂ, ਚਾਰਾ,ਡੀਜਲ ,ਪੈਟਰੋਲ ਅਤੇ ਹੋਰ ਰੋਜ਼ਾਨਾ ਲੋੜਾਂ ਦੀ ਜਮ੍ਹਾਂਖੋਰੀ ਕਰ ਰਹੇ ਹਨ। ਕੁਝ ਲੋਕਾਂ ਵੱਲ਼ੋਂ ਕੀਤੇ ਜਾ ਰਹੇ ਇਸ ਅਨੈਤਿਕ ਕਾਰਜ ਨਾਲ ਜਿੱਥੇ ਚੀਜਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਕਾਲਾਬਾਜਾਰੀ ਵੱਧ ਰਹੀ ਹੈ ਅਤੇ ਸੁਚਾਰੂ ਸਪਲਾਈ ਲੜੀ ਵਿੱਚ ਵਿਘਨ ਪੈ ਰਿਹਾ ਹੈ, ਜਿਸ ਨਾਲ ਆਮ ਜਨਤਾ-ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

   ਜਨਤਕ ਹਿੱਤਾਂ ਦੀ ਰਾਖੀ ਅਤੇ ਜ਼ਰੂਰੀ ਵਸਤਾਂ ਦੀ ਸੁਚਾਰੂ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਕਿਸੇ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਦੁਆਰਾ ਅਨਾਜ ਅਤੇ ਜ਼ਰੂਰੀ ਭੋਜਨ ਵਸਤੂਆਂ, ਚਾਰਾ, ਦੁੱਧ ਅਤੇ ਡੇਅਰੀ ਉਤਪਾਦ, ਪੈਟਰੋਲ,ਡੀਜ਼ਲ ਅਤੇ ਹੋਰ ਬਾਲਣ, ਕੋਈ ਵੀ ਹੋਰ ਜ਼ਰੂਰੀ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਸਤੂਆਂ ਦੇ ਭੰਡਾਰਨ ‘ਤੇ ਸਖ਼ਤ ਪਾਬੰਦੀ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਜਮ੍ਹਾਂਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ਵਿੱਚ ਹੇਰਾਫੇਰੀ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰਨ ਦੀ ਅਪੀਲ ਕੀਤੀ ਹੈ। ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਉਹਨਾਂ ਸਬੰਧਤ  ਵਿਭਾਗਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ । ਜੋ ਕਿ ਇਸ ਪ੍ਰਕਾਰ ਹਨ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਜ਼ਰੂਰੀ ਵਸਤੂਆਂ, ਪੈਟਰੋਲ/ਡੀਜ਼ਲ) 94646-36795, ਪਸ਼ੂ ਪਾਲਣ ਵਿਭਾਗ (ਪਸ਼ੂ ਪਾਲਣ ਸੇਵਾਵਾਂ) 98725-01482, ਮੰਡੀ ਬੋਰਡ (ਸਬਜ਼ੀਆਂ, ਮੰਡੀ ਨਾਲ ਸਬੰਧਤ ਸਮਾਨ) 95014-87881, ਮਾਰਕਫੈੱਡ ਅਤੇ ਮਿਲਕਫੈੱਡ (ਪਸ਼ੂਆਂ ਦਾ ਚਾਰਾ) 98766-22092 ਅਤੇ 98726-68175 ।

              ਉਨਾਂ ਕਿਹਾ ਕਿ ਇਹ ਹੁਕਮ ਜਨਤਕ ਹਿੱਤ ਵਿੱਚ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਮੰਨਿਆ ਜਾਵੇਗਾ। ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਅਨੁਸਾਰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।