ਫਰੀਦਕੋਟ 13 ਅਕਤਬੂਰ 2025 AJ DI Awaaj
Punjab Desk : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਫਰੀਦਕੋਟ ਵੱਲੋ ਆਤਮਾ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਸ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਪੱਧਰ ਦਾ ਕਿਸਾਨ ਮੇਲਾ ਮਿਤੀ 14 ਅਕਤੂਬਰ 2025 ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਦਫਤਰ ਮੁੱਖ ਖੇਤੀਬਾੜੀ ਅਫਸਰ ਸਰਕੂਲਰ ਰੋਡ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਹੋਣਗੇ ਅਤੇ ਇਸ ਕੈਂਪ ਦਾ ਉਦਘਾਟਨ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਫਰੀਦਕੋਟ ਕਰਨਗੇ। ਮੇਲੇ ‘ਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਤੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੇਲੇ ਦੀ ਪ੍ਰਧਾਨਗੀ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਕਰਨਗੇ ਜੋ ਪੰਜਾਬ ਸਰਕਾਰ ਵੱਲੋ ਕਿਸਾਨ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕੁਲਵੰਤ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਅਤੇ ਨਵੀਨਤਮ ਜਾਣਕਾਰੀ ਦਿੱਤੀ ਜਾਵੇਗੀ। ਖੇਤੀਬਾੜੀ ਵਿਭਾਗ ਦੇ ਖੇਤੀ ਮਾਹਿਰ ਹਾੜ੍ਹੀ ਦੀਆਂ ਫਸਲਾਂ ਬੀਜ਼ਣ ਦਾ ਢੰਗ, ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਫਸਲਾਂ ਨੂੰ ਕੀੜਿਆਂ/ਬਿਮਾਰੀਆਂ ਤੋ ਬਚਾਉਣ ਲਈ ਕਿਸਾਨਾਂ ਨੂੰ ਵਿਸਥਾਰਤ ਜਾਣਕਾਰੀ ਦੇਣਗੇ। ਹਾੜ੍ਹੀ ਦੇ ਸੀਜਣ ਦੋਰਾਨ ਸਬਸਿਡੀ ਉਪਰ ਮਿਲਣ ਵਾਲੀ ਖੇਤੀ ਮਸ਼ੀਨਰੀ ਅਤੇ ਕਣਕ ਦੇ ਬੀਜ਼ ਬਾਰੇ ਵੀ ਦੱਸਿਆ ਜਾਵੇਗਾ। ਇਸ ਦੌਰਾਨ ਵੱਖੋ ਵੱਖ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋ ਕਿਸਾਨਾਂ ਦੀ ਸਹੂਲਤ ਲਈ ਨੁਮਾਇਸ਼ਾਂ ਵੀ ਲਾਈਆਂ ਜਾਣਗੀਆਂ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਬਜ਼ੀਆਂ, ਬਾਗਾਂ ਦੀ ਕਾਸ਼ਤ, ਸਹਾਇਕ ਧੰਦਿਆਂ ਬਾਰੇ, ਮੋਟੇ-ਅਨਾਜਾਂ ਅਤੇ ਫਸਲੀ ਵਿਭਿੰਨਤਾ ਬਾਰੇ ਇਸ ਜਿਲ੍ਹਾ ਪੱਧਰੀ ਕੈਂਪ ਵਿੱਚ ਸ਼ਿਰਕਤ ਕਰਕੇ ਇਸਦਾ ਵੱਧ ਤੋ ਵੱਧ ਲਾਹਾ ਉਠਾਉਣ। ਇਸ ਮੌਕੇ ਡਾ. ਅਮਨਦੀਪ ਕੇਸ਼ਵ ਪੀ.ਡੀ. ਆਤਮਾ ਵੀ ਹਾਜ਼ਰ ਸਨ।
