ਬਰਨਾਲਾ, 11 ਫਰਵਰੀ 2026 AJ DI Awaaj
Punjab Desk : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਕਿਸਾਨਾਂ ਅਤੇ ਆਮ ਜਨਤਾ ਦੀ ਮੰਗ ਦੇ ਮੱਦੇਨਜ਼ਰ ਆਤਮਾ ਸਕੀਮ ਤਹਿਤ ਬਰਨਾਲਾ ਸ਼ਹਿਰ ਵਿੱਚ ਲਾਈ ਜਾਂਦੀ ਜੈਵਿਕ ਮੰਡੀ (ਔਰਗੈਨਿਕ ਮੰਡੀ) ਦਾ ਅੱਜ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਵਲੋਂ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਲੋਂ ਅੱਜ ਮੰਡੀ ਵਿੱਚ ਜੈਵਿਕ ਸਬਜ਼ੀਆਂ, ਚੌਲ, ਮੋਟੇ ਅਨਾਜ, ਦਾਲਾਂ, ਪਿੰਨੀਆਂ, ਗੁੜ, ਸ਼ਹਿਦ, ਡੇਅਰੀ ਉਤਪਾਦ ਆਦਿ ਉਤਪਾਦ ਲਿਆਂਦੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਜੈਵਿਕ ਮੰਡੀ ਦਾ ਦਾਇਰਾ ਵਧਾਉਣ ਅਤੇ ਹੋਰ ਬਿਹਤਰ ਕਰਨ ਦੀ ਵਿਉਂਤਬੰਦੀ ਕੀਤੀ ਜਾਵੇਗੀ। ਓਨ੍ਹਾਂ ਖੇਤੀਬਾੜੀ ਵਿਭਾਗ ਨੂੰ ਕਿਸਾਨ ਹੱਟ ਬਾਰੇ ਵੀ ਤਜਵੀਜ਼ ਤਿਆਰ ਕਰਨ ਲਈ ਕਿਹਾ।
ਇਸ ਮੌਕੇ ਮੰਡੀ ਵਿੱਚ ਜੈਵਿਕ ਸਬਜ਼ੀਆਂ ਲੈ ਕੇ ਆਏ ਕਿਸਾਨ ਅਜੀਤ ਸਿੰਘ ਵਾਸੀ ਟੱਲੇਵਾਲ ਨੇ ਦੱਸਿਆ ਕਿ ਉਹ ਸੇਵਾਮੁਕਤ ਮੁਲਾਜ਼ਮ ਹੈ ਅਤੇ ਆਪਣੇ ਪਰਿਵਾਰ ਲਈ ਜੈਵਿਕ ਸਬਜ਼ੀਆਂ ਉਗਾਉਣ ਦੀ ਸ਼ੁਰੂਆਤ ਕੀਤੀ ਅਤੇ ਹੌਲੀ ਹੌਲੀ ਰਕਬਾ ਵਧਾਇਆ। ਹੁਣ ਉਹ ਹਰ ਹਫ਼ਤੇ ਮੰਡੀ ਵਿੱਚ ਜੈਵਿਕ ਸਬਜ਼ੀਆਂ ਲੈ ਕੇ ਆਉਂਦਾ ਹੈ। ਇਹ ਜਿੱਥੇ ਪਰਿਵਾਰ ਅਤੇ ਗਾਹਕਾਂ ਦੀ ਸਿਹਤਯਾਬੀ ਲਈ ਚੰਗਾ ਹੈ ਓਥੇ ਉਸਨੂੰ ਆਮਦਨ ਵੀ ਵਧੀਆ ਹੁੰਦੀ ਹੈ ਅਤੇ ਉਸਦਾ ਸਮਾਂ ਵੀ ਵਧੀਆ ਗੁਜ਼ਰਦਾ ਹੈ।
ਇਸ ਮੌਕੇ ਅਮਨਦੀਪ ਸਿੰਘ ਵੜਿੰਗ ਵਾਸੀ ਧਨੌਲਾ ਨੇ ਦੱਸਿਆ ਕਿ ਉਸਨੇ ਆਪਣੇ ਖੇਤ ਵਿੱਚ ਜੈਵਿਕ ਅਨਾਜ, ਸਬਜ਼ੀਆਂ, ਫਲ ਲਗਾਏ ਹੋਏ ਹਨ ਅਤੇ ਘਰ ਦੇ ਡੇਅਰੀ ਉਤਪਾਦ, ਆਚਾਰ, ਪਿੰਨੀਆਂ ਆਦਿ ਤਿਆਰ ਕਰਕੇ ਮੰਡੀ ਵਿੱਚ ਲੈ ਕੇ ਆਉਂਦਾ ਹੈ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਮਾਰਕੀਟਿੰਗ ਮੰਚ ਮੁਹਈਆ ਕਰਾਉਣ ਲਈ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਜੈਵਿਕ ਮੰਡੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਉਤਸ਼ਾਹ ਮਿਲੇ ਅਤੇ ਬਰਨਾਲਾ ਵਾਸੀਆਂ ਨੂੰ ਸ਼ੁੱਧ, ਜੈਵਿਕ, ਘਰੇਲੂ ਉਤਪਾਦ ਮਿਲ ਸਕਣ।
ਜ਼ਿਕਰਯੋਗ ਹੈ ਕਿ ਇਹ ਮੰਡੀ ਹਰ ਬੁੱਧਵਾਰ ਨੂੰ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ, ਚਿੰਟੂ ਪਾਰਕ ਵਾਲੀ ਗਲੀ ਵਿੱਚ ਸ਼ਾਮ 3 ਵਜੇ ਤੋਂ 7 ਵਜੇ ਤੱਕ ਲਗਾਈ ਜਾਂਦੀ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਅਫ਼ਸਰ ਧਰਮਵੀਰ ਸਿੰਘ, ਮੈਡਮ ਸੁਨੀਤਾ ਸ਼ਰਮਾ, ਕਿਸਾਨ ਈਸਰ ਸਿੰਘ ਹਰੀਗੜ੍ਹ, ਬਚਿੱਤਰ ਸਿੰਘ ਪਿੰਡ ਪੱਤੀ ਸੇਖਵਾਂ, ਸੁਰਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਪਿੰਡ ਵਾਹਿਗੁਰੂਪੁਰਾ, ਸੌਦਾਗਰ ਸਿੰਘ ਪਿੰਡ ਠੁੱਲੀਵਾਲ ਮੌਜੂਦ ਸਨ।










