ਮਾਲੇਰਕੋਟਲਾ 09 ਮਈ 2025 Aj Di Awaaj
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਉਤਪੰਨ ਹੋਏ ਹੰਗਾਮੀ ਹਾਲਾਤਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਲੋਕਾਂ ਨੂੰ ਤਹੱਮੁਲ, ਸਮਝਦਾਰੀ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਘਬਰਾਹਟ ਜਾਂ ਅਫਵਾਹਾਂ ‘ਚ ਆ ਕੇ ਕੰਮ ਨਾ ਲਿਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਸੂਚਿਤ, ਤੱਤਪਰ ਅਤੇ ਸੁਚੇਤ ਹੈ ਅਤੇ ਹਾਲਾਤ ‘ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।
ਇੱਕ ਵੀਡੀਓ ਸੰਦੇਸ਼ ਰਾਹੀਂ ਜ਼ਿਲ੍ਹੇ ਦੀ ਅਵਾਮ ਦੇ ਮੁਖਲਿਅਤ ਹੁੰਦਿਆ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਜ਼ਿਲ੍ਹੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਸੁਚੇਤ ਅਤੇ ਵਚਨਬੱਧ ਹਾਂ।” ਨਾਗਰਿਕਾਂ ਨੂੰ ਇਸ ਸਮੇਂ ਦੌਰਾਨ ਸ਼ਾਂਤ ਰਹਿਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਾਰੀਆਂ ਲੋੜੀਂਦੀਆਂ ਸੇਵਾਵਾਂ ਅਤੇ ਰੋਜ਼ਮਰ੍ਹਾ ਜ਼ਿੰਦਗੀ ਲਈ ਜਰੂਰੀ ਵਸਤੂਆਂ ਦੀ ਸਪਲਾਈ ਨਿਰੰਤਰ ਬਣਾਈ ਰੱਖਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਤੱਤ ਹਾਲਾਤਾਂ ਦਾ ਗਲਤ ਫਾਇਦਾ ਚੁੱਕਦੇ ਹੋਏ ਅਫਵਾਹਾਂ ਫੈਲਾਉਣ ਜਾਂ ਜਮ੍ਹਾਂਖੋਰੀ ਵਰਗੀਆਂ ਗਤੀਵਿਧੀਆਂ ‘ਚ ਲੱਗੇ ਹੋ ਸਕਦੇ ਹਨ। ਇਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਜਿਸ ਦਾ ਨੰਬਰ 01765-252003ਹੈ ।ਕੋਈ ਵੀ ਨਾਗਰਿਕ ਜੇਕਰ ਕਿਸੇ ਵੀ ਤਰ੍ਹਾਂ ਦੀ ਸੂਚਨਾ, ਸ਼ਿਕਾਇਤ ਜਾਂ ਮਦਦ ਦੀ ਲੋੜ ਮਹਿਸੂਸ ਕਰਦਾ ਹੈ ਤਾਂ ਉਹ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਕੰਟਰੋਲ ਰੂਮ ਨੰਬਰ 24 ਘੰਟੇ ਸਰਗਰਮ ਰਹੇਗਾ ਅਤੇ ਤੁਰੰਤ ਰਾਹਤ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ “ਬਲੈਕਆਊਟ ਸਮੇਂ ਦੌਰਾਨ ਹਰ ਕਿਸੇ ਨੂੰ ਸਾਰੀਆਂ ਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਹਨ। ਐਮਰਜੈਂਸੀ ਦੀ ਸਥਿਤੀ ਵਿੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਖਿੜਕੀਆਂ ‘ਤੇ ਕਾਲੇ ਪਰਦੇ ਵਰਤੇ ਜਾਣੇ ਚਾਹੀਦੇ ਹਨ।” ਬਲੈਕਆਊਟ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਉਲੰਘਣਾ ਕਰਨ ਵਾਲਿਆਂ ‘ਤੇ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ।
ਵਿਰਾਜ.ਐਸ.ਤਿੜਕੇ ਨੇ ਲੋਕਾਂ ਨੂੰ ਆਗਾਹ ਕੀਤਾ ਕਿ ਉਹ ਕਿਸੇ ਵੀ ਅਧਿਕਾਰਕ ਤਸਦੀਕ ਤੋਂ ਬਿਨਾਂ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮਾਂ ਰਾਹੀਂ ਮਿਲ ਰਹੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅਣਤਸਦੀਕ ਖ਼ਬਰਾਂ ਨਾ ਸਿਰਫ਼ ਘਬਰਾਹਟ ਪੈਦਾ ਕਰਦੀਆਂ ਹਨ, ਸਗੋਂ ਕਈ ਵਾਰੀ ਕਾਨੂੰਨ ਵਿਵਸਥਾ ਨੂੰ ਵੀ ਚੁਣੌਤੀ ਦੇ ਦਿੰਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਉਂਦਾ ਹੋਇਆ ਜਾਂ ਮੂਲ ਭਾਵ ਸਾਜ਼ਿਸ਼ ਰਚਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਹਿਯੋਗ ਦੇਣ।
ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਿੱਚ ਹਰ ਹਾਲਤ ‘ਚ ਸ਼ਾਂਤੀਪੂਰਨ ਵਾਤਾਵਰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ
