India 31 Dec 2025 AJ DI Awaaj
National Desk : ਨਵੇਂ ਸਾਲ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਪਰ ਜਸ਼ਨਾਂ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। Zomato, Swiggy, Amazon, Flipkart ਅਤੇ Blinkit ਸਮੇਤ ਕਈ ਵੱਡੀਆਂ ਆਨਲਾਈਨ ਡਿਲੀਵਰੀ ਕੰਪਨੀਆਂ ਦੇ ਡਿਲੀਵਰੀ ਵਰਕਰ ਨਵੇਂ ਸਾਲ ਦੀ ਸ਼ਾਮ ਤੋਂ ਪਹਿਲਾਂ ਦੇਸ਼ਵਿਆਪੀ ਹੜਤਾਲ ‘ਤੇ ਚਲੇ ਗਏ ਹਨ।
ਇਸ ਹੜਤਾਲ ਕਾਰਨ ਆਨਲਾਈਨ ਖਾਣਾ ਮੰਗਵਾਉਣ ਤੋਂ ਲੈ ਕੇ ਜ਼ਰੂਰੀ ਸਮਾਨ ਦੀ ਡਿਲੀਵਰੀ ਤੱਕ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਖ਼ਾਸ ਕਰਕੇ ਨਵੇਂ ਸਾਲ ਦੀਆਂ ਪਾਰਟੀਆਂ ਲਈ ਕੀਤੀਆਂ ਜਾਣ ਵਾਲੀਆਂ ਬੁਕਿੰਗਾਂ ‘ਤੇ।
ਹੜਤਾਲ ਦੀ ਅਗਵਾਈ ਤੇਲੰਗਾਨਾ ਗਿਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ ਅਤੇ ਇੰਡੀਅਨ ਫੈਡਰੇਸ਼ਨ ਆਫ ਐਪ ਬੇਸਡ ਟ੍ਰਾਂਸਪੋਰਟ ਵਰਕਰਜ਼ ਵੱਲੋਂ ਕੀਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਦਿੱਲੀ, ਮੁੰਬਈ, ਪੁਣੇ, ਕੋਲਕਾਤਾ ਅਤੇ ਹੈਦਰਾਬਾਦ ਵਰਗੇ ਮਹਾਨਗਰਾਂ ਨਾਲ ਨਾਲ ਲਖਨਊ, ਅਹਿਮਦਾਬਾਦ, ਜੈਪੁਰ, ਇੰਦੌਰ, ਪਟਨਾ ਜਿਹੇ ਟੀਅਰ-ਟੂ ਸ਼ਹਿਰਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ।
ਯੂਨੀਅਨਾਂ ਦਾ ਦਾਅਵਾ ਹੈ ਕਿ ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਡਿਲੀਵਰੀ ਵਰਕਰ ਅੱਜ ਐਪਸ ‘ਚ ਲੌਗਇਨ ਨਹੀਂ ਕਰਨਗੇ ਜਾਂ ਬਹੁਤ ਸੀਮਿਤ ਸਮੇਂ ਲਈ ਹੀ ਕੰਮ ਕਰਨਗੇ। ਮਹਾਰਾਸ਼ਟਰ, ਕਰਨਾਟਕ, ਦਿੱਲੀ ਐਨਸੀਆਰ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਖੇਤਰੀ ਯੂਨੀਅਨਾਂ ਨੇ ਵੀ ਇਸ ਹੜਤਾਲ ਨੂੰ ਸਮਰਥਨ ਦਿੱਤਾ ਹੈ।
ਯੂਨੀਅਨਾਂ ਨੇ ਕਿਹਾ ਹੈ ਕਿ ਗਿਗ ਵਰਕਰਾਂ ਤੋਂ ਵਧ ਰਹੇ ਕੰਮ ਦੇ ਬਾਵਜੂਦ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਢੁਕਵੀਂ ਤਨਖਾਹ, ਸਮਾਜਿਕ ਸੁਰੱਖਿਆ ਅਤੇ ਬਿਹਤਰ ਕੰਮਕਾਜੀ ਹਾਲਾਤ ਨਹੀਂ ਦਿੱਤੇ ਜਾ ਰਹੇ। ਇਸ ਤੋਂ ਪਹਿਲਾਂ ਵੀ ਕ੍ਰਿਸਮਸ ਦੇ ਦਿਨ ਵਰਕਰਾਂ ਨੇ ਹੜਤਾਲ ਕੀਤੀ ਸੀ, ਪਰ ਮੰਗਾਂ ‘ਤੇ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ।














