ਨਸ਼ਿਆਂ ਖਿਲਾਫ ਜਾਗਰੂਕਤਾ ਬੈਨਰ ਜਾਰੀ ਕਰਦੇ ਹੋਏ ਡੀ.ਆਈ.ਜੀ., ਐਸ.ਐਸ.ਪੀ. ਅਤੇ ਸਿਹਤ ਵਿਭਾਗ ਦੇ ਅਧਿਕਾਰੀ।

22

ਪ੍ਰੈਸ ਨੋਟ

ਡੀ.ਆਈ.ਜੀ. ਨੇ ਨਸ਼ਿਆਂ ਵਿਰੁੱਧ ਸੁਨੇਹਾ ਦਿੰਦਾ ਜਾਗਰੂਕਤਾ ਬੈਨਰ ਜਾਰੀ ਕੀਤਾ

ਸਿਹਤ ਅਤੇ ਪੁਲਿਸ ਵਿਭਾਗ ਦਾ ਨਸ਼ਿਆਂ ਵਿਰੁੱਧ ਸਾਂਝਾ ਉਪਰਾਲਾ

ਨਸ਼ੇ ਖ਼ਿਲਾਫ਼ ਜਾਗਰੂਕ ਕਰਕੇ ਨੌਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ – ਡੀ.ਆਈ.ਜੀ.

ਸਮਾਜ ਦੇ ਹਰੇਕ ਵਿਅਕਤੀ ਨੂੰ ਨਸ਼ੇ ਖਿਲਾਫ ਇਕਜੁਟ ਹੋ ਕੇ ਮੁਹਿੰਮ ਵਿੱਢਣ ਦੀ ਲੋੜ- ਐਸ.ਐਸ.ਪੀ.

ਫ਼ਿਰੋਜ਼ਪੁਰ, 3 ਜਨਵਰੀ 2025 : Aj Di Awaaj

ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਵੱਲੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪਹਿਲਕਦਮੀ ਕਰਦਿਆਂ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਵੇਕਾਨੰਦ ਵਰਲਡ ਸਕੂਲ ਵਿਖੇ ਨਸ਼ਿਆਂ ਵਿਰੁੱਧ ਸੁਨੇਹਾ ਦਿੰਦਾ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ। ਬੈਨਰ ਜਾਰੀ ਕਰਨ ਦੀ ਰੱਸਮ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸ. ਰਣਜੀਤ ਸਿੰਘ ਢਿੱਲੋਂ ਅਤੇ ਐਸ.ਐਸ.ਪੀ. ਸੌਮਿਆ ਮਿਸ਼ਰਾ ਵਲੋਂ ਨਿਭਾਈ ਗਈ। ਇਸ ਮੌਕੇ ਚੈਅਰਮੈਨ ਵਿਵੇਕਾਨੰਦ ਵਰਲਡ ਸਕੂਲ ਗੌਰਵ ਸਾਗਰ ਭਾਸਕਰ, ਸਿਹਤ ਵਿਭਾਗ ਤੋਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਵੀ ਮੋਜੂਦ ਸਨ।

ਇਸ ਮੌਕੇ ਡੀ.ਆਈ.ਜੀ. ਸ. ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਮਾਜਕ ਤਾਣੇ ਬਾਣੇ ਦੀ ਮਜ਼ਬੂਤੀ ਇਸ ਗਲ ‘ਤੇ ਨਿਰਭਰ ਕਰਦੀ ਹੈ ਕਿ ਉਸ ਦੇਸ਼ ਦੀ ਨੌਜਵਾਨ ਪੀੜੀ ਆਪਣੇ ਦੇਸ਼ ਤੇ ਸਮਾਜ ਲਈ ਕੀ ਭੂਮਿਕਾ ਨਿਭਾ ਰਹੀ ਹੈ। ਪ੍ਰੰਤੂ ਜੇਕਰ ਨੌਜਵਾਨ ਪੀੜੀ ਹੀ ਗ਼ਲਤ ਆਦਤਾਂ ਦੇ ਰਾਹੇ ਪੈ ਤਿੱਲ—ਤਿੱਲ ਕਰਕੇ ਆਪਣੀ ਜਿੰਦਗੀ ਖਰਾਬ ਕਰੇਗੀ ਤਾਂ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਹੋ ਕੇ ਨਸ਼ਿਆਂ ਖਿਲਾਫ਼ ਮੁਹਿੰਮ ਵਿਢਣ ਦੀ ਲੋੜ ਹੈ ਤਾਂ ਜੋ ਸਵੱਸਥ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਇਸ ਮੌਕੇ ਐਸ.ਐਸ.ਪੀ. ਸੌਮਿਆ ਮਿਸ਼ਰਾ ਨੇ ਨਸ਼ੇ ਦੇ ਮਾਰੂ ਪ੍ਰਭਾਵਾਂ ਦੇ ਵਿਰੁੱਧ ਸਮਾਜ ਦੇ ਹਰੇਕ ਵਰਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਤਾਂ ਜੋ ਨਸ਼ਿਆਂ ਵਿਰੁੱਧ ਇੱਕ ਵੱਡੀ ਲਹਿਰ ਚਲਾ ਕੇ ਨੌਜਵਾਨ ਪੀੜੀ ਨੂੰ ਸਹੀ ਰਾਹ ਵਿਖਾਇਆ ਜਾ ਸਕੇ। ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ, ਜਿਸ ਤੇ ਸਭ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਖੋਖਲਾ ਕਰ ਰਹੀ ਨਸ਼ੇ ਦੀ ਅਲਾਮਤ ਦੇ ਖਾਤਮੇ ਲਈ ਹਰੇਕ ਵਰਗ ਤੇ ਹਰੇਕ ਮਨੁੱਖ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਮੋਢਿਆਂ ਤੇ ਹੀ ਦੇਸ਼, ਕੌਮ ਨੇ ਤਰੱਕੀ ਦੀ ਜ਼ਿੰਮੇਵਾਰੀ ਹੈ।

ਇਸ ਮੋਕੇ ਬੋਲਦਿਆਂ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਨ ਦੇ ਮਨੋਰਥ ਨਾਲ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿਚ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਸ ਬਾਬਤ ਨਸ਼ੇ ਦੀ ਦਲਦਲ ਵਿਚ ਫਸੇ ਨੋਜਵਾਨਾਂ ਨੂੰ ਜਾਣੂ ਕਰਵਾ ਕੇ ਉਕਤ ਕੇਂਦਰਾਂ ਵਿਚ ਜਾਣ ਲਈ ਪ੍ਰੇਰਿਤ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਲਾਕੇ, ਜ਼ਿਲ੍ਹੇ ਤੇ ਦੇਸ਼ ਦੀ ਤਰੱਕੀ ਉੱਨਤੀ ਲਈ ਅੱਗੇ ਹੋ ਕੇ ਨਸਿ਼ਆਂ ਦੀ ਗ੍ਰਿਫਤ ਵਿਚ ਆ ਚੁੱਕੇ ਨੌਜਵਾਨਾਂ ਭਰਾਵਾਂ ਨੂੰ ਬਚਾਉਣ ਲਈ ਯੋਗ ਕਦਮ ਚੁਕਣ ਦਾ ਸੱਦਾ ਦਿੱਤਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇਜਿੰਦਰਪਾਲ ਕੌਰ, ਪ੍ਰੋਫ਼ੈਸਰ ਐਸ.ਐਨ. ਰੁਦਰਾ, ਮੈਡਮ ਡੌਲੀ ਭਾਸਕਰ ਵੀ ਹਾਜ਼ਰ ਸੀ।