ਅੰਮ੍ਰਿਤਸਰ 30 Dec 2025 AJ DI Awaaj
Punjab Desk : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਨਾਰਕੋ-ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ 4.75 ਕਿਲੋਗ੍ਰਾਮ ਹੈਰੋਇਨ, 1 ਕਿਲੋਗ੍ਰਾਮ ਮੇਥਾਮਫੇਟਾਮਾਈਨ (ਆਈਸ ਡਰੱਗ) ਅਤੇ ਇੱਕ 9 ਐਮਐਮ ਗਲੌਕ ਪਿਸਤੌਲ ਬਰਾਮਦ ਕੀਤਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਭਾਰਤ ਵਿੱਚ ਤਸਕਰੀ ਕਰਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਰਾਹੀਂ ਪੰਜਾਬ ਵਿੱਚ ਵੰਡੇ ਜਾ ਰਹੇ ਸਨ। ਤਸਕਰੀ ਲਈ ਸੋਸ਼ਲ ਮੀਡੀਆ ਰਾਹੀਂ ਚਲਾਇਆ ਜਾ ਰਿਹਾ ਇੱਕ ਸਥਾਨਕ ਮਾਡਿਊਲ ਵਰਤਿਆ ਜਾ ਰਿਹਾ ਸੀ।
ਪੁਲਿਸ ਮੁਤਾਬਕ ਪਹਿਲਾਂ ਜਸਬੀਰ ਅਤੇ ਜਸਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਗਲੀ ਜਾਂਚ ਦੌਰਾਨ ਅਨਮੋਲ, ਹਰਪਿੰਦਰ ਅਤੇ ਤਰੁਣ ਨੂੰ ਕਾਬੂ ਕੀਤਾ ਗਿਆ। ਬਾਅਦ ਵਿੱਚ ਦਵਿੰਦਰ ਅਤੇ ਮਨਦੀਪ ਦੀ ਗ੍ਰਿਫ਼ਤਾਰੀ ਨਾਲ 1 ਕਿਲੋਗ੍ਰਾਮ ਆਈਸ ਡਰੱਗ ਵੀ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਜਸਬੀਰ ਸਮੇਤ ਕੁਝ ਹੋਰ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਕਮਿਸ਼ਨਰ ਭੁੱਲਰ ਨੇ ਕਿਹਾ ਕਿ ਗ੍ਰਿਫ਼ਤਾਰਾਂ ਵਿੱਚੋਂ ਇੱਕ ਨੌਜਵਾਨ ਲਗਭਗ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ, ਜਿੱਥੇ ਉਸ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਬਣੇ। ਤਸਕਰੀ ਅਤੇ ਹਵਾਲਾ ਲੈਣ-ਦੇਣ ਦੀ ਕਾਰਵਾਈ ਦੁਬਈ ਰਾਹੀਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਆਈਸ ਡਰੱਗ ਦੀ ਵਰਤੋਂ ਕਰਕੇ ਹੈਰੋਇਨ ਤਿਆਰ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਸੀ।
ਪੁਲਿਸ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।














