ਮੁੰਬਈ: 06 Oct 2026 AJ DI Awaaj
National Desk : ਰੈਪਰ ਅਤੇ ਸੰਗੀਤ ਨਿਰਮਾਤਾ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਮਹਾਰਾਸ਼ਟਰ ਸਾਈਬਰ ਸੈੱਲ ਨੇ ਉਨ੍ਹਾਂ ਨੂੰ ਇੱਕ ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਸੀ। ਹਾਲਾਂਕਿ, ਹਨੀ ਸਿੰਘ ਸੋਮਵਾਰ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਨਹੀਂ ਹੋਏ।
ਮਹਾਰਾਸ਼ਟਰ ਸਾਈਬਰ ਸੈੱਲ ਮੁਤਾਬਕ, ਹਨੀ ਸਿੰਘ ਨੂੰ ਨੋਟਿਸ ਜਾਰੀ ਕਰਕੇ ਨਿੱਜੀ ਤੌਰ ‘ਤੇ ਹਾਜ਼ਰ ਹੋਣ ਅਤੇ ਮਾਮਲੇ ਸਬੰਧੀ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਸੀ। ਰੈਪਰ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ।
ਇਹ ਮਾਮਲਾ ਦਿੱਲੀ ਵਿੱਚ ਹੋਏ ਹਨੀ ਸਿੰਘ ਦੇ ਇੱਕ ਸੰਗੀਤ ਸਮਾਰੋਹ ਨਾਲ ਜੁੜਿਆ ਹੈ। ਸਮਾਰੋਹ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਕਥਿਤ ਅਸ਼*ਲੀਲ ਟਿੱਪਣੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਮਹਾਰਾਸ਼ਟਰ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਗਈ।
ਵਾਇਰਲ ਵੀਡੀਓ ਵਿੱਚ ਹਨੀ ਸਿੰਘ ਵੱਲੋਂ ਲੋਕਾਂ ਨੂੰ ਕਾਰਾਂ ਵਿੱਚ ਸੈ*ਕਸ ਕਰਨ ਨਾਲ ਜੁੜੀ ਟਿੱਪਣੀ ਕਰਦੇ ਹੋਏ ਸੁਣਿਆ ਗਿਆ ਸੀ। ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ।
ਵਿਵਾਦ ਵਧਣ ਤੋਂ ਬਾਅਦ ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ਵਾਇਰਲ ਵੀਡੀਓ ਨੂੰ ਇਸ ਤਰੀਕੇ ਨਾਲ ਐਡਿਟ ਕੀਤਾ ਗਿਆ ਜਿਸ ਕਾਰਨ ਕਈ ਲੋਕ ਨਾਰਾਜ਼ ਹੋਏ। ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਅਪਮਾਨਿਤ ਕਰਨਾ ਉਨ੍ਹਾਂ ਦਾ ਇਰਾਦਾ ਨਹੀਂ ਸੀ।
ਹਨੀ ਸਿੰਘ ਨੇ ਆਪਣੀ ਸਫਾਈ ਵਿੱਚ ਇਹ ਵੀ ਕਿਹਾ ਸੀ ਕਿ ਸ਼ੋਅ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਇੱਕ ਗਾਇਨੀਕੋਲੋਜਿਸਟ ਅਤੇ ਸੈਕਸੋਲੋਜਿਸਟ ਨਾਲ ਗੱਲਬਾਤ ਹੋਈ ਸੀ। ਗੱਲਬਾਤ ਦੌਰਾਨ ਅਸੁਰੱਖਿਅਤ ਸੈ*ਕਸ ਕਾਰਨ ਨੌਜਵਾਨਾਂ ਵਿੱਚ ਵਧ ਰਹੀਆਂ ਜਿਨਸੀ ਬਿਮਾਰੀਆਂ ਸਬੰਧੀ ਚਿੰਤਾਵਾਂ ਬਾਰੇ ਚਰਚਾ ਹੋਈ ਸੀ। ਹਨੀ ਸਿੰਘ ਮੁਤਾਬਕ, ਉਨ੍ਹਾਂ ਨੇ ਸ਼ੋਅ ਦੌਰਾਨ ਨੌਜਵਾਨ ਦਰਸ਼ਕਾਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ।
ਫਿਲਹਾਲ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਨੀ ਸਿੰਘ ਦੀ ਅਗਲੀ ਪੇਸ਼ੀ ਸਬੰਧੀ ਜਾਣਕਾਰੀ ਦੀ ਉਡੀਕ ਹੈ।



















