ਸੰਗਰੂਰ,15 ਜਨਵਰੀ 2026 AJ DI Awaaj
Punjab Desk : ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸੰਗਰੂਰ,ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡੇਅਰੀ ਵਿਕਾਸ ਵਿਭਾਗ ਵਲੋਂ ਵਾਰਡ ਨੰ 03, ਸ਼ਿਵਮ ਕਲੋਨੀ, ਸੰਗਰੂਰ ਵਿਖੇ ਕੌਂਸਲਰ ਹਰਮਨਦੀਪ ਕੌਰ ਦੇ ਸਹਿਯੋਗ ਨਾਲ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋਕਾਂ ਨੂੰ ਉਹਨਾਂ ਦੁਆਰਾ ਘਰਾਂ ਵਿੱਚ ਵਰਤੇ ਜਾਂਦੇ ਦੁੱਧ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਮਾਹਿਰਾਂ ਨੇ ਕਿਹਾ ਕਿ ਦੁੱਧ ਮਨੁੱਖੀ ਸਿਹਤ ਲਈ ਬਹੁਤ ਹੀ ਅਹਿਮ ਪੌਸ਼ਟਿਕ ਆਹਾਰ ਹੈ। ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਰੀਰ ਦੇ ਵਿਕਾਸ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਖਪਤਕਾਰਾਂ ਨੂੰ ਘਰੇਲੂ ਪੱਧਰ ‘ਤੇ ਦੁੱਧ ਦੀ ਜਾਂਚ ਕਰਨ ਦੇ ਸੌਖੇ ਤਰੀਕੇ ਜਿਵੇਂ ਲੈਕਟੋਮੀਟਰ, ਟੈਸਟ ਸਟ੍ਰਿਪਾਂ ਅਤੇ ਹੋਰ ਸਾਦੇ ਉਪਕਰਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਲੋਕ ਆਪਣੇ ਆਪ ਨੂੰ ਮਿਲਾਵਟ ਤੋਂ ਬਚਾ ਸਕਣ।
ਮਾਹਰਾਂ ਨੇ ਇਹ ਵੀ ਕਿਹਾ ਕਿ ਖਪਤਕਾਰਾਂ ਨੂੰ ਹਮੇਸ਼ਾਂ ਭਰੋਸੇਯੋਗ ਸਰੋਤਾਂ ਤੋਂ ਹੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਖਰੀਦਣੇ ਚਾਹੀਦੇ ਹਨ। ਪੈਕਟਬੰਦ ਦੁੱਧ ਖਰੀਦਦੇ ਸਮੇਂ ਉਸ ਦੀ ਮਿਆਦ (ਐਕਸਪਾਇਰੀ ਡੇਟ), ਸੀਲ ਅਤੇ ਬ੍ਰਾਂਡ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਖੁੱਲ੍ਹਾ ਦੁੱਧ ਲੈਂਦੇ ਸਮੇਂ ਦੁੱਧ ਦੀ ਸਫ਼ਾਈ ਅਤੇ ਸਟੋਰੇਜ ਪ੍ਰਣਾਲੀ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ‘ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਦੁੱਧ ਪੀਣ ਦੀ ਆਦਤ ਵਿਕਸਿਤ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ ਦੁੱਧ ਵਿੱਚ ਪਾਣੀ ਜਾਂ ਹੋਰ ਹਾਨੀਕਾਰਕ ਤੱਤਾਂ ਦੀ ਮਿਲਾਵਟ ਸਬੰਧੀ ਜਾਂਚ ਵੀ ਕੀਤੀ ਗਈ। ਦੁੱਧ ਦੇ ਕੁੱਲ 26 ਸੈਂਪਲ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 18 ਸੈਪਲਾਂ ਵਿੱਚ 10 ਤੋਂ 30 ਪ੍ਰਤੀਸਤ ਤੱਕ ਪਾਣੀ ਪਾਇਆ ਗਿਆ। ਕਿਸੇ ਵੀ ਸੈਂਪਲ ਵਿੱਚ ਕੋਈ ਵੀ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।
ਕੈਂਪ ਦੌਰਾਨ ਇਹ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ, ਤਾਂ ਜੋ ਦੁੱਧ ਦੀ ਗੁਣਵੱਤਾ ਸਬੰਧੀ ਜਾਣਕਾਰੀ ਹਰ ਖਪਤਕਾਰ ਤੱਕ ਪਹੁੰਚ ਸਕੇ।
ਕੈਂਪ ਵਿੱਚ ਵਿਭਾਗ ਵੱਲੋਂ ਦਵਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਚਰਨਜੀਤ ਧੀਰ ਡੇਅਰੀ ਵਿਕਾਸ ਇੰਸਪੈਕਟਰ ਅਤੇ ਗੁਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।












