ਮਾਲੇਰਕੋਟਲਾ, 08 ਅਕਤੂਬਰ 2025 AJ DI Awaaj
Punjab Desk : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ਵ ਅਧਿਆਪਕ ਦਿਵਸ ਮੌਕੇ ਹੋਏ ਸੂਬਾ ਪੱਧਰੀ ਸਮਾਰੋਹ ਦੌਰਾਨ ਮਾਲੇਰਕੋਟਲਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਨੂੰ ਸਟੇਟ ਅਵਾਰਡ ਮਿਲਣਾ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਅੱਜ ਇਨ੍ਹਾਂ ਅਧਿਆਪਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਵਿਸ਼ੇਸ਼ ਵਧਾਈ ਦਿੱਤੀ।
ਇਹ ਮਾਣ ਪ੍ਰਾਪਤ ਕਰਨ ਵਾਲੇ ਅਧਿਆਪਕਾਂ ’ਚ ਸਰਕਾਰੀ ਹਾਈ ਸਕੂਲ ਭੂਦਨ ਦੇ ਐਸ.ਐਸ.ਮਾਸਟਰ ਮੁਹੰਮਦ ਅਸਦ ਅਹਿਸਾਨ ਅਤੇ ਸਰਕਾਰੀ ਸਕੂਲ ਆਫ਼ ਹੈਪੀਨੈੱਸ( ਸਰਕਾਰੀ ਪ੍ਰਾਇਮਰੀ ਸਕੂਲ)ਕੁਠਾਲਾ ਦੇ ਈ.ਟੀ.ਟੀ. ਅਧਿਆਪਕ ਕੰਵਲਦੀਪ ਸਿੰਘ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦੋਵੇਂ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਨਵੀਂ ਸੋਚ ਅਤੇ ਸਮਰਪਣ ਦਾ ਉਦਾਹਰਣ ਹਨ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਪੂਰੇ ਮਾਲੇਰਕੋਟਲਾ ਜ਼ਿਲ੍ਹੇ ਲਈ ਮਾਣਮੱਤੀ ਗੱਲ ਹੈ, ਜੋ ਹੋਰ ਅਧਿਆਪਕਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਰਕਰਾਰ ਰੱਖਣਾ ਅਤੇ ਵਧਾਉਣਾ ਹਰ ਅਧਿਆਪਕ ਦੀ ਅਹਿਮ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਬੱਚਿਆਂ ਨੂੰ ਆਧੁਨਿਕ ਯੋਗਤਾਵਾਂ ਨਾਲ ਜੋੜਨਾ ਹੀ ਸਰਕਾਰੀ ਸਕੂਲਾਂ ਨੂੰ ਮੁੜ ਸਮਾਜ ਦੇ ਕੇਂਦਰ ਵਿੱਚ ਲਿਆ ਸਕਦਾ ਹੈ।
ਉਨ੍ਹਾਂ ਕਿਹਾ, “ਪੰਜਾਬ ਸਰਕਾਰ ਸਿੱਖਿਆ ਨੂੰ ਮੁਢਲੀ ਤਰਜੀਹ ਦੇ ਰਹੀ ਹੈ। ਸਟੇਟ ਅਵਾਰਡ ਪ੍ਰਾਪਤ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਤਜਰਬੇ ਤੇ ਨਵੀਂ ਸੋਚ ਨਾਲ ਸਿੱਖਿਆ ਖੇਤਰ ਵਿੱਚ ਹੋਰ ਸੁਧਾਰ ਲਈ ਤਜਵੀਜਾਂ ਤਿਆਰ ਕਰਨ। ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗਾ।”
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸਾਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰਤੀ ਜਾਗਰੂਕ ਕਰਨ ਅਤੇ ਸਕੂਲ ਕੈਪਸ ਨੂੰ ਹਰਾ ਭਰਾ ਬਣਾਉਣ ਲਈ ਕਦਮ ਚੁੱਕਣੇ ਲਾਜ਼ਮੀ ਹਨ, ਤਾਂ ਜੋ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇ ਕਿਸਾਨ ਖੇਤਾਂ ਵਿੱਚ ਅੰਨ ਪੈਦਾ ਕਰਦਾ ਹੈ, ਓਵੇਂ ਅਧਿਆਪਕ ਬੱਚਿਆਂ ਵਿੱਚ ਗਿਆਨ ਦੇ ਬੀਜ ਬੀਜ ਕੇ ਰੋਸ਼ਨੀ ਫੈਲਾਉਂਦੇ ਹਨ। ਇਹੀ ਸੱਚੀ ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਨੀਂਹ ਹੈ।ਇਸ ਮੌਕੇ ਹੈੱਡ ਮਿਸਟਰਸ ਰਾਜਵੀਰ ਕੌਰ, ਮੁਹੰਮਦ ਫੈਸਲ ਵੀ ਮੌਜੂਦ ਸਨ।
