ਹੁਸ਼ਿਆਰਪੁਰ, 7 ਮਈ 2026 AJ DI Awaaj
Punjab Desk : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਭਲਾਈ ਪਹਿਲਕਦਮੀ ‘ਸੀਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਸਿਹਤ, ਯੋਗਾ ਅਤੇ ਸਕਾਰਾਤਮਕ ਜੀਵਨ ਸ਼ੈਲੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਲਗਾਤਾਰ ਵੱਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਵਿਸ਼ੇਸ਼ ਪਹਿਲ ਅੱਜ ਹਜ਼ਾਰਾਂ ਲੋਕਾਂ ਨੂੰ ਯੋਗ ਨਾਲ ਜੋੜ ਕੇ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਉਦੇਸ਼ ਹੈ ਕਿ ਯੋਗ ਦੇ ਸਰੀਰਕ ਅਤੇ ਮਾਨਸਿਕ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣ, ਤਾਂ ਜੋ ਹਰ ਨਾਗਰਿਕ ਤੰਦਰੁਸਤ, ਤਣਾਅ-ਮੁਕਤ ਅਤੇ ਉਰਜਾਵਾਨ ਜੀਵਨ ਜੀ ਸਕੇ। ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਰਾਹੀਂ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲ ਰਹੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਵਾਰਡਾਂ, ਪਾਰਕਾਂ ਅਤੇ ਸਾਂਝੇ ਸਥਾਨਾਂ ’ਤੇ ਨਿਯਮਿਤ ਤੌਰ ’ਤੇ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਵਿੱਚ ਕੁੱਲ 731 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨ, ਬਜ਼ੁਰਗ ਅਤੇ ਵਿਦਿਆਰਥੀ ਭਾਗ ਲੈ ਕੇ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰ ਰਹੇ ਹਨ।
ਤਜਰਬੇਕਾਰ ਯੋਗ ਟ੍ਰੇਨਰਾਂ ਵੱਲੋਂ ਲੋਕਾਂ ਨੂੰ ਯੋਗ ਦੇ ਨਾਲ-ਨਾਲ ਤੰਦਰੁਸਤ ਜੀਵਨ ਸ਼ੈਲੀ, ਤਣਾਅ ਪ੍ਰਬੰਧਨ ਅਤੇ ਰੋਜ਼ਾਨਾ ਸਿਹਤ ਨਾਲ ਸਬੰਧੀ ਜ਼ਰੂਰੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਮਾਹਿਰਾਂ ਦੇ ਅਨੁਸਾਰ ਨਿਯਮਿਤ ਯੋਗ ਅਭਿਆਸ ਨਾਲ ਮਾਨਸਿਕ ਤਣਾਅ ਘਟਦਾ ਹੈ, ਸਰੀਰ ਦੀ ਰੋਗ-ਰੋਧਕ ਸਮਰੱਥਾ ਵੱਧਦੀ ਹੈ ਅਤੇ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਹੋਰ ਤੰਦਰੁਸਤ ਰਹਿੰਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ‘ਸੀਐਮ ਦੀ ਯੋਗਸ਼ਾਲਾ’ ਪਹਿਲ ਸਮਾਜ ਨੂੰ ਤੰਦਰੁਸਤ ਅਤੇ ਜਾਗਰੂਕ ਬਣਾਉਣ ਵੱਲ ਇੱਕ ਸ਼ਲਾਘਾਯੋਗ ਉਪਰਾਲਾ ਹੈ। ਜ਼ਿਲ੍ਹੇ ਵਿੱਚ ਨਾਗਰਿਕਾਂ ਦੀ ਵੱਧ ਰਹੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਲੋਕ ਯੋਗ ਪ੍ਰਤੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਸਭ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਯੋਗ ਕੇਂਦਰ ਨਾਲ ਜੁੜ ਕੇ ਨਿਯਮਿਤ ਯੋਗ ਕਰਨ ਅਤੇ ਤੰਦਰੁਸਤ ਤੇ ਰੰਗਲੇ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਆਪਣਾ ਯੋਗਦਾਨ ਪਾਉਣ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਦਾ ਸਫਲਤਾਪੂਰਵਕ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਲੋਕਾਂ ਨੂੰ ਇਸ ਪਹਿਲ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।














