New Chandigarh 11 Dec 2025 AJ DI Awaaj
Sports Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕ੍ਰਿਕਟ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ ਪੰਜਾਬਣ ਖਿਡਾਰਨਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਗੇ। ਕਾਰਜਕ੍ਰਮ ਸ਼ਾਮ 5:30 ਵਜੇ ਮੁੱਲਾਂਪੁਰ ਦੇ ਨਵੇਂ ਸਟੇਡੀਅਮ ਵਿੱਚ ਹੋਵੇਗਾ। ਇਸ ਦੀ ਜਾਣਕਾਰੀ CM ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ।
ਮੁੱਖ ਮੰਤਰੀ ਨੇ ਦੱਸਿਆ ਕਿ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ, ਹਰਲੀਨ ਕੌਰ ਦਿਓਲ ਅਤੇ ਉਨ੍ਹਾਂ ਦੇ ਕੋਚਿੰਗ ਸਟਾਫ਼ ਨੂੰ ਪੰਜਾਬ ਸਰਕਾਰ ਵੱਲੋਂ ਖ਼ਾਸ ਸਨਮਾਨ ਦਿੱਤਾ ਜਾਵੇਗਾ। ਸਮਾਗਮ ਦੌਰਾਨ ਸਟੇਡੀਅਮ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੇ ਨਾਮ ‘ਤੇ ਬਣੇ ਸਟੈਂਡ ਦਾ ਉਦਘਾਟਨ ਵੀ ਕੀਤਾ ਜਾਵੇਗਾ।
ਯਾਦ ਰਹੇ ਕਿ ਭਾਰਤੀ ਮਹਿਲਾ ਟੀਮ ਨੇ 47 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸਾਊਥ ਅਫਰੀਕਾ ਨੂੰ 52 ਦੌੜਾਂ ਨਾਲ ਹਰਾਕੇ ਪਹਿਲੀ ਵਾਰ ਵਨਡੇ ਵਰਲਡ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ। ਫਾਈਨਲ ਵਿੱਚ 87 ਦੌੜਾਂ ਅਤੇ 2 ਅਹਿਮ ਵਿਕਟਾਂ ਹਾਸਲ ਕਰਨ ਵਾਲੀ 21 ਸਾਲਾ ਸ਼ੇਫਾਲੀ ਵਰਮਾ ਨੂੰ ਪਲੇਅਰ ਆਫ਼ ਦ ਫਾਈਨਲ ਚੁਣਿਆ ਗਿਆ।
DY ਪਾਟਿਲ ਸਟੇਡੀਅਮ ਵਿੱਚ ਸਾਊਥ ਅਫਰੀਕਾ ਨੇ ਟਾਸ ਜਿੱਤ ਕੇ ਬਾਲਿੰਗ ਚੁਣੀ। ਭਾਰਤ ਨੇ 7 ਵਿਕਟਾਂ ‘ਤੇ 298 ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ (87), ਦੀਪਤੀ ਸ਼ਰਮਾ (58), ਸਮ੍ਰਿਤੀ ਮੰਧਾਨਾ (45) ਅਤੇ ਰਿਚਾ ਘੋਸ਼ (34) ਨੇ ਮਹੱਤਵਪੂਰਨ ਯੋਗਦਾਨ ਪਾਇਆ। ਜਵਾਬ ਵਿੱਚ ਸਾਊਥ ਅਫਰੀਕਾ ਦੀ ਟੀਮ 246 ‘ਤੇ ਆਲਆਊਟ ਹੋ ਗਈ। ਲੌਰਾ ਵੋਲਵਾਰਟ ਨੇ ਲਗਾਤਾਰ ਦੂਜਾ ਸੈਂਕੜਾ ਜੜ੍ਹਿਆ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ।
ਭਾਰਤ ਲਈ ਦੀਪਤੀ ਸ਼ਰਮਾ ਨੇ 5 ਵਿਕਟਾਂ ਲੈ ਕੇ ਜਿੱਤ ਪੱਕੀ ਕੀਤੀ ਅਤੇ ਪਲੇਅਰ ਆਫ਼ ਦ ਟੂਰਨਾਮੈਂਟ ਬਣੀ।
ਵਨਡੇ ਮਹਿਲਾ ਵਰਲਡ ਕੱਪ 1972 ਵਿੱਚ ਸ਼ੁਰੂ ਹੋਇਆ ਸੀ, ਪਰ ਭਾਰਤ ਨੇ 1979 ਵਿੱਚ ਪਹਿਲੀ ਵਾਰ ਟੂਰਨਾਮੈਂਟ ਵਿੱਚ ਹਿੱਸਾ ਲਿਆ। 47 ਸਾਲਾਂ ਦੀ ਮਿਹਨਤ ਤੋਂ ਬਾਅਦ ਭਾਰਤ ਨੇ ਇਹ ਆਪਣਾ ਪਹਿਲਾ ਖਿਤਾਬ ਜਿੱਤਿਆ। 2005 ਅਤੇ 2017 ਵਿੱਚ ਭਾਰਤ ਫਾਈਨਲ ਵਿੱਚ ਪਹੁੰਚਿਆ ਸੀ, ਪਰ ਜਿੱਤ ਤੋਂ ਚੁੱਕਿਆ ਰਹਿ ਗਿਆ। ਇਸ ਵਾਰ ਟੀਮ ਨੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਅਤੇ ਫਾਈਨਲ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਸੁਪਨਾ ਪੂਰਾ ਕੀਤਾ।
ਇਹ ਭਾਰਤੀ ਮਹਿਲਾ ਟੀਮ ਦੀ ਕਿਸੇ ਵੀ ਫਾਰਮੇਟ ਵਿੱਚ ਪਹਿਲੀ ICC ਟਰਾਫ਼ੀ ਹੈ। 25 ਸਾਲਾਂ ਬਾਅਦ ਕਿਸੇ ਨਵੀਂ ਟੀਮ ਨੇ ਵਨਡੇ ਵਰਲਡ ਕੱਪ ਖਿਤਾਬ ਜਿੱਤਿਆ ਹੈ।














