ਨੰਗਲ 13 ਮਈ 2025 AJ Di Awaaj
ਜਿਲ੍ਹਾ ਪ੍ਰਸਾਸ਼ਨ ਵੱਲੋਂ ਅਪ੍ਰੇਸ਼ਨ ਅਭਿਆਸ ਤਹਿਤ ਸਿਵਲ ਡਿਫੈਂਸ ਰਿਕਰੂਟਮੈਂਟ ਪ੍ਰੋਗਰਾਮ ਤਹਿਤ ਨੰਗਲ ਵਿੱਚ ਵਿਸੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨਾਜੁਕ ਹਾਲਾਤਾਂ ਦੌਰਾਨ ਹਰ ਸਥਿਤੀ ਨਾਲ ਨਜਿੱਠਣ ਲਈ ਆਮ ਲੋਕਾਂ ਨੂੰ ਸਿਖਲਾਈ ਦਿੱਤੀ ਗਈ।
ਇਸ ਮੌਕੇ ਸ੍ਰੀ ਸਚਿਨ ਪਾਠਕ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸਾਡਾ ਸੂਬਾ ਜੰਗ ਵਰਗੇ ਹਾਲਾਤ ਵਿਚੋ ਨਿਕਲਿਆ ਹੈ, ਅਜਿਹੇ ਨਾਜੁਕ ਮੌਕੇ ਤੇ ਹਰ ਨਾਗਰਿਕ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਸ ਸਮੇਂ ਨੋਜਵਾਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੀਆਂ ਸੁਰੱਖਿਆਂ ਫੋਰਸਾਂ ਦੇ ਨਾਲ ਦੂਜੀ ਕਤਾਰ ਵਿੱਚ ਸਜਿਗ ਨਾਗਰਿਕ ਬਣ ਕੇ ਪਹਿਰਾ ਦੇਣ ਦੀ ਲੋੜ ਪੈਂਦੀ ਹੈ ਅਤੇ ਇਸ ਦੇ ਲਈ ਇੱਕ ਵਿਸੇਸ਼ ਤਰਾਂ ਦੀ ਸਿਖਲਾਈ ਦੀ ਜਰੂਰਤ ਹੈ, ਜਿਸ ਦੇ ਲਈ ਨੌਜਵਾਨ ਆਪਣੇ ਆਪ ਨੂੰ ਅਪ੍ਰੇਸ਼ਨ ਅਭਿਆਸ ਤਹਿਤ ਸਿਵਲ ਡਿਫੈਂਸ ਵਲੰਟੀਅਰ ਵੱਜੋ ਰਜਿਸਟਰਡ ਹੋਣ ਅਤੇ ਯਕੀਨੀ ਬਣਾਉਣ ਕਿ ਦੇਸ਼ ਦੀ ਸੇਵਾ ਲਈ ਇਹ ਵਲੰਟੀਅਰ ਦਿਨ ਰਾਤ ਮਿਹਨਤ ਕਰਨਗੇ।
ਸ੍ਰੀ ਪਾਠਕ ਨੇ ਕਿਹਾ ਕਿ ਜਿਸ ਤਰਾਂ ਵੱਖ ਵੱਖ ਵਿਭਾਗਾ ਵੱਲੋਂ ਕਿਸੇ ਵੀ ਆਪਾਤ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਹੈ, ਉਸ ਤਰਾਂ ਦੇ ਪ੍ਰੋਗਰਾਮ ਇਸ ਉਪਰੰਤ ਰੂਪਨਗਰ, ਮੋਰਿੰਡਾ, ਚਮਕੌਰ ਸਾਹਿਬ ਵਿੱਚ ਵੀ ਰੱਖੇ ਗਏ ਹਨ, ਜ਼ਿਨ੍ਹਾਂ ਵਿੱਚ ਅੱਜ ਦੇ ਪ੍ਰੋਗਰਾਮ ਦੀ ਤਰਾਂ ਹੀ ਉਨ੍ਹਾਂ ਇਲਾਕਿਆਂ ਦੇ ਨਾਗਰਿਕ ਵੱਧ ਚੜ੍ਹ ਕੇ ਭਾਗ ਲੈਣ। ਉਨ੍ਹਾਂ ਨੇ ਕਿਹਾ ਕਿ ਜੰਗ ਵਰਗੇ ਹਾਲਾਤਾ ਵਿਚ ਕਿਸ ਤਰਾਂ ਸਵੈ ਰੱਖਿਆਂ ਅਤੇ ਹੋਰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੈ ਅਤੇ ਲੋੜ ਪੈਣ ਤੇ ਸੁਰੱਖਿਆਂ ਫੋਰਸਾਂ ਦੀ ਦੂਜੀ ਕਤਾਰ ਬਣ ਕੇ ਉਨ੍ਹਾਂ ਨੂੰ ਸਹਿਯੋਗ ਕਰਨਾ ਹੈ, ਇਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਨੰਗਲ ਡੈਮ, ਐਨ.ਐਫ.ਐਲ ਅਤੇ ਹੋਰ ਬਹੁਤ ਸਾਰੇ ਧਾਰਮਿਕ, ਇਤਿਹਾਸਕ ਤੇ ਮਹੱਤਵਪੂਰਨ ਸਥਾਨ ਸਾਡੇ ਇਲਾਕੇ ਵਿਚ ਹੋਣ ਕਾਰਨ ਅਸੀ ਆਮ ਨਾਲੋ ਵਧੇਰੇ ਸੁਰੱਖਿਅਤ ਰਹਿਣਾ ਹੈ। ਪਿਛਲੇ ਤਿੰਨ ਚਾਰ ਦਿਨਾਂ ਵਿੱਚ ਜਿਹੜੇ ਹਾਲਾਤਾ ਵਿਚੋ ਪੰਜਾਬ ਦੇ ਲੋਕ ਲੰਘੇ ਹਨ, ਉਸ ਨੇ ਸੂਬੇ ਵਿਚ ਭਾਈਚਾਰਕ, ਇੱਕਜੁਟਤਾ ਦੀ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਅਸੀ ਅੱਗੇ ਤੋਂ ਵੀ ਕਾਇਮ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਪਹਿਲਾ ਹੀ ਐਲਾਨ ਕਰ ਚੁੱਕੇ ਹਨ ਕਿ ਇਸ ਇਲਾਕੇ ਵਿਚ ਮੈਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਵੱਡੀ ਮਾਤਰਾ ਵਿੱਚ ਖੂਨ ਇਕੱਠਾ ਕੀਤਾ ਜਾਵੇਗਾ ਤਾ ਜੋ ਕਿਸੇ ਵੀ ਸਥਿਤੀ ਵਿਚ ਲੋੜ ਪੈਣ ਤੇ ਹਸਪਤਾਲਾਂ ਵਿਚ ਖੂਨ ਲੋੜੀਦੀ ਮਾਤਰਾ ਵਿਚ ਉਪਲੱਬਧ ਹੋਵੇ। ਡੀ.ਐਸ.ਪੀ ਕੁਲਵੀਰ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਜੰਗ ਦਰਮਿਆਨ ਅੱਜ ਜਦੋਂ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੇਵਾਵਾਂ ਲਈ ਨਾਗਰਿਕਾਂ ਨੂੰ ਸਿਵਲ ਡਿਫੈਂਸ ਵਿੱਚ ਸਾਥ ਦੇਣ ਲਈ ਸਹਿਯੋਗ ਮੰਗਿਆ ਗਿਆ ਤਾਂ ਅੱਜ ਨੰਗਲ ਵਿੱਚ ਭਾਰੀ ਗਿਣਤੀ ਵਿਚ ਨੌਜਵਾਨ ਅਤੇ ਹੋਰ ਨਾਗਰਿਕ ਆਪਣਾ ਯੋਗਦਾਨ ਦੇਣ ਲਈ ਅੱਗੇ ਆਏ। ਇਸ ਮੌਕੇ ਮੰਚ ਸੰਚਾਲਨ ਸੁਧੀਰ ਕੁਮਾਰ ਵੱਲੋਂ ਕੀਤਾ ਗਿਆ।
ਇਸ ਮੌਕੇ ਇਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ,ਰਾਜਵਿੰਦਰ ਕੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂਰਪੁਰ ਬੇਦੀ, ਸੁਖਬੀਰ ਸਿੰਘ ਕਮਾਡੈਂਟ ਸਿਵਲ ਡਿਫੈਂਸ, ਸੁਦਰਸ਼ਨ ਸਿੰਘ ਅਸਿਸਟੈਂਟ ਕਮਾਡੈਂਟ, ਪ੍ਰਿੰ.ਪਰਵਿੰਦਰ ਕੌਰ ਦੁਆ, ਪ੍ਰਿੰ.ਕਿਰਨ ਸ਼ਰਮਾ, ਪ੍ਰਿੰ. ਵਿਜੇ ਬੰਗਲਾ, ਪ੍ਰਿੰ.ਗੁਰਨਾਮ ਸਿੰਘ ਭੱਲੜੀ,ਮਨਵੀਰ ਸਿੰਘ ਕਾਰਜ ਸਾਧਕ ਅਫਸਰ, ਜਸਵਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ, ਡਾ.ਸੰਦੀਪ ਸਿੰਘ, ਡਾ.ਵਿਵੇਕ, ਡਾ.ਸੂਰਿਆਂ, ਐਡਵੋਕੇਟ ਨੀਰਜ਼ ਸ਼ਰਮਾ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਮਨਜੋਤ ਸਿੰਘ, ਇੰਸਪੈਕਟਰ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।
