ਮਾਨਸਾ , 29 ਜੁਲਾਈ 2025 AJ DI Awaaj
Punjab Desk : ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਆਪਣੇ ਡਿਊਟੀ ਸਥਾਨ ਤੋਂ ਹੋਰਨਾਂ ਜ਼ਿਲ੍ਹਿਆਂ ਵਿਚ ਚੈਕਿੰਗ ਅਧਿਕਾਰੀ ਦੇ ਤੌਰ ‘ਤੇ ਲਗਾਇਆ ਗਿਆ ਹੈ।ਇਸ ਤਹਿਤ ਮਾਨਸਾ ਵਿਖੇ ਬਤੌਰ ਜਾਂਚ ਅਧਿਕਾਰੀ ਆਏ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਨੇ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦਾ ਮੰਤਵ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਖਾਸ ਕਰਕੇ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀਆਂ ਖਾਦਾਂ ਮੁਹੱਈਆ ਕਰਵਾਉਣਾ ਹੈ। ਜਾਂਚ ਦਾ ਮੰਤਵ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਨੂੰ ਰੋਕਣਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬਲਾਕ ਮਾਨਸਾ, ਸਰਦੂਲਗੜ੍ਹ, ਝੁਨੀਰ ਅਤੇ ਭੀਖੀ ਵਿੱਚ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸਾਉਣੀ ਦੌਰਾਨ ਯੂਰੀਆ ਦੀ ਖ਼ਪਤ ਵਿਚ ਹੋਏ ਵਾਧੇ ਦੇ ਕਾਰਨਾਂ ਦਾ ਪਤਾ ਲਗਾਉਣ, ਕਾਲਾਬਜ਼ਾਰੀ, ਜਮਾਂਖੋਰੀ ਨੂੰ ਰੋਕਣ ਲਈ ਸਮੂਹ ਜ਼ਿਲ੍ਹਿਆਂ ਵਿਚ ਚੈਕਿੰਗ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਪੂਰੀ ਤਰਾਂ ਘੋਖ ਪੜਤਾਲ ਕਰਨਗੀਆਂ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਮੁੱਲ ‘ਤੇ ਖੇਤੀ ਸਮੱਗਰੀ ਖ਼ਾਸ ਕਰਕੇ ਖਾਦਾਂ ਉਪਲੱਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖਾਦ ਵਿਕਰੇਤਾਵਾਂ ਦੇ ਕਾਰੋਬਾਰ ਨਾਲ ਸਬੰਧਿਤ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਤੋਂ ਇਲਾਵਾ ਕਾਗਜ਼ਾਤ ਦੀ ਵੀ ਚੈਕਿੰਗ ਕੀਤੀ ਗਈ ਹੈ। ਜਿੰਨ੍ਹਾਂ ਡੀਲਰਾਂ ਦੇ ਕਾਰੋਬਾਰ ਨਾਲ ਸਬੰਧਤ ਰਿਕਾਰਡ ਵਿਚ ਕੋਈ ਊਣਤਾਈ ਪਾਈ ਗਈ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿਚ ਜਿੰਨੀ ਯੂਰੀਆ ਖਾਦ ਦੀ ਲੋੜ ਹੈ ਉਹ ਪਹੁੰਚ ਚੁੱਕੀ ਹੈ ਅਤੇ ਜ਼ਿਲ੍ਹੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ (ਸਟਾਕ ਦੀ ਵਿਕਰੀ ਤੇ ਮੌਜੂਦਾ ਸਟਾਕ ਦਾ ਰਿਕਾਰਡ ਰੱਖਣ ਵਾਲੇ ਉਪਕਰਣ) ਵਿੱਚ ਮੌਜੂਦ ਵਿਕਰੀ ਕੀਤੀ ਖਾਦ ਦਾ ਸਟਾਕ ਨਿੱਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ‘ਤੇ ਅਣਵਿਕੀ ਖਾਦ ਦਾ ਸਟਾਕ ਇਕਸਾਰ ਹੋਵੇ ਤਾਂ ਜੋ ਜ਼ਰੂਰਤ ਅਨੁਸਾਰ ਭਾਰਤ ਸਰਕਾਰ ਤੋਂ ਯੂਰੀਆ ਖਾਦ ਮਿਲ ਸਕੇ।
ਉਨ੍ਹਾਂ ਸਮੂਹ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਸਟਾਕ ਬੋਰਡ ਉੱਪਰ ਰੋਜ਼ਾਨਾ ਖਾਦ ਦਾ ਸਟਾਕ ਅਤੇ ਰੇਟ ਲਿਖਿਆ ਜਾਵੇ।
ਉਨ੍ਹਾਂ ਕਿਹਾ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮੱਗਰੀ ਦੀ ਵਿਕਰੀ ਕੀਤੀ ਜਾਂਦੀ ਹੈ, ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਸਮੱਗਰੀ ਦੀ ਵਿੱਕਰੀ ਹੀ ਕਿਸਾਨਾਂ ਨੂੰ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤੂਆਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਖਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਲਿਖਤੀ ਤੌਰ ‘ਤੇ ਸ਼ਿਕਾਇਤ ਸਬੰਧਿਤ ਖੇਤੀਬਾੜੀ ਅਧਿਕਾਰੀ, ਮੁੱਖ ਖੇਤੀਬਾੜੀ ਅਫ਼ਸਰ ਜਾਂ ਐੱਸ.ਡੀ.ਐੱਮ. ਦਫ਼ਤਰ ਵਿਖੇ ਕਰ ਸਕਦੇ ਹਨ।
ਇਸ ਮੌਕੇ ਡਾ. ਹਰਵਿੰਦਰ ਸਿੰਘ ਸਿੱਧੂ ਬਲਾਕ ਖੇਤੀਬਾੜੀ ਅਫਸਰ, ਭੀਖੀ, ਡਾ. ਸ਼ਗਨਦੀਪ ਕੌਰ ਖ਼ੇਤੀਬਾੜੀ ਵਿਕਾਸ ਅਫ਼ਸਰ (ਇੰਫੋਰਸਮੈਂਟ), ਡਾ. ਦਿਲਰਾਜ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ, ਡਾ. ਸੁਖਜਿੰਦਰ ਸਿੰਘ, ਖ਼ੇਤੀਬਾੜੀ ਵਿਕਾਸ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
