ਚੰਡੀਗੜ੍ਹ 06 Apr 2026 AJ DI Awaaj
Chandigarh Desk : ਪੰਜਾਬ ਵਿੱਚ ਸੁਰੱਖਿਆ ਮੁਹਿੰਮ ਦੇ ਤਹਿਤ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਨਾਲ ਸਾਂਝੀ ਕਾਰਵਾਈ ਕਰਦਿਆਂ ਹਰਿਆਣਾ ਦੇ ਰੇਵਾੜੀ ਤੋਂ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਮੁਤਾਬਕ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਰੂਪਨਗਰ ਦੇ ਰਤਨਗੜ੍ਹ ਨਾਲ ਸੰਬੰਧਤ ਹਨ। ਪੁਲਿਸ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ ਅਤੇ ਉਸ ਦੇ ਖਿਲਾਫ ਚੋਰੀ ਅਤੇ ਲੁੱਟ ਦੇ ਕੇਸ ਦਰਜ ਹਨ।
ਇਸ ਤੋਂ ਪਹਿਲਾਂ ਪੁਲਿਸ ਵੱਲੋਂ ਇਸ ਮਾਮਲੇ ਨਾਲ ਜੁੜੇ ਪੰਜ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਹੁਣ ਤੱਕ ਕੁੱਲ ਸੱਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਜਾਂਚ ਨੂੰ ਮਹੱਤਵਪੂਰਨ ਦਿਸ਼ਾ ਮਿਲੀ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਸੁਚਿੰਤਿਤ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਦੇ ਤਾਰ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਏ ਹਨ। ਪੁਲਿਸ ਅਨੁਸਾਰ ਪੁਰਤਗਾਲ ਵਿੱਚ ਬੈਠੇ ਆਈਐਸਆਈ-ਸਮਰਥਿਤ ਬਲਜੋਤ ਸਿੰਘ ਉਰਫ਼ ਜੋਤ ਅਤੇ ਜਰਮਨੀ ਵਿੱਚ ਮੌਜੂਦ ਹਰਜੀਤ ਸਿੰਘ ਲਾਡੀ ਨੇ ਦੋਸ਼ੀਆਂ ਨੂੰ ਦੋ ਲੱਖ ਰੁਪਏ ਦੇ ਲਾਲਚ ਨਾਲ ਇਹ ਹਮਲਾ ਕਰਵਾਇਆ।
ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੁਰਤੇਜ ਸਿੰਘ ਲਗਭਗ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕ ਵਿੱਚ ਆਇਆ ਸੀ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਦੋਸ਼ੀਆਂ ਨੇ ਹਥਿਆਰ ਅਤੇ ਗ੍ਰਨੇਡ ਪ੍ਰਾਪਤ ਕਰਕੇ ਪੂਰੀ ਯੋਜਨਾ ਤਿਆਰ ਕੀਤੀ।
1 ਅਪ੍ਰੈਲ ਨੂੰ ਦੋਸ਼ੀਆਂ ਨੇ ਪਹਿਲਾਂ ਰੇਕੀ ਕੀਤੀ ਅਤੇ ਫਿਰ ਚੰਡੀਗੜ੍ਹ ਦੇ ਸੈਕਟਰ 37 ਵਿੱਚ ਭਾਜਪਾ ਦਫਤਰ ਦੇ ਬਾਹਰ ਹਮਲਾ ਕੀਤਾ। ਪੁਲਿਸ ਦੇ ਅਨੁਸਾਰ ਅਮਨਪ੍ਰੀਤ ਸਿੰਘ ਨੇ ਗ੍ਰ*ਨੇਡ ਸੁੱਟਿਆ, ਜਦਕਿ ਗੁਰਤੇਜ ਸਿੰਘ ਨੇ ਘਟਨਾ ਦੀ ਵੀਡੀਓ ਬਣਾ ਕੇ ਹੈਂਡਲਰਾਂ ਨੂੰ ਭੇਜਣ ਲਈ ਰਿਕਾਰਡ ਕੀਤਾ। ਹਮਲੇ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਹਮਲੇ ਨੂੰ ਅੰਜਾਮ ਦੇਣ ਲਈ ਵੱਖ-ਵੱਖ ਸਬ-ਮਾਡਿਊਲਾਂ ਅਤੇ ਕੱਟਆਊਟਸ ਦੀ ਵਰਤੋਂ ਕੀਤੀ ਗਈ, ਜਿਸ ਨਾਲ ਸਾਜ਼ਿਸ਼ ਦੀ ਪੇਸ਼ੇਵਰ ਯੋਜਨਾ ਦਾ ਅੰਦਾਜ਼ਾ ਲੱਗਦਾ ਹੈ।
ਡੀਜੀਪੀ ਗੌਰਵ ਯਾਦਵ ਨੇ ਇਸ ਸਾਂਝੇ ਆਪ੍ਰੇਸ਼ਨ ਲਈ ਚੰਡੀਗੜ੍ਹ ਅਤੇ ਹਰਿਆਣਾ ਪੁਲਿਸ ਦੀ ਪ੍ਰਸ਼ੰਸਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਜਾਰੀ ਰਹੇਗੀ।
ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।














