August 14,2026 Aj Di Awaaj
National Desk: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਵਿੱਚ ਨਿਰਮਾਣ ਅਧੀਨ ਟੀਐਚਡੀਸੀ ਟਨਲ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਟਨਲ ਵਿੱਚ ਅਚਾਨਕ ਵੱਡੀ ਮਾਤਰਾ ਵਿੱਚ ਪਾਣੀ ਅਤੇ ਮਲਬਾ ਦਾਖਲ ਹੋਣ ਕਾਰਨ ਅੰਦਰ ਕੰਮ ਕਰ ਰਹੇ ਕਈ ਮਜ਼ਦੂਰ ਫਸ ਗਏ। ਹਾਦਸੇ ਵਿੱਚ ਕਰੀਬ ਸੱਤ ਮਜ਼ਦੂਰਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦਕਿ ਕਈ ਹੋਰਾਂ ਦੀ ਭਾਲ ਜਾਰੀ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਪੀਪਲਕੋਟੀ, ਚਮੋਲੀ ਪਹੁੰਚ ਕੇ ਟਨਲ ਵਿੱਚ ਚੱਲ ਰਹੇ ਬਚਾਅ ਕਾਰਜਾਂ ਦਾ ਮੌਕੇ ’ਤੇ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਸ਼ਾਸਨ, ਪੁਲਿਸ, ਐਸਡੀਆਰਐਫ, ਐਨਡੀਆਰਐਫ ਅਤੇ ਹੋਰ ਬਚਾਅ ਏਜੰਸੀਆਂ ਤੋਂ ਰੈਸਕਿਊ ਆਪਰੇਸ਼ਨ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ।
ਜਾਣਕਾਰੀ ਮੁਤਾਬਕ ਟੀਐਚਡੀਸੀ ਦੀ ਵਿਸ਼ਨੁਗਾਡ-ਪੀਪਲਕੋਟੀ ਜਲ ਵਿਦਯੁਤ ਪਰਿਯੋਜਨਾ ਦੀ ਟੀਆਰਟੀ ਟਨਲ ਦੀ ਲੰਬਾਈ ਕਰੀਬ ਤਿੰਨ ਕਿਲੋਮੀਟਰ ਹੈ। ਟਨਲ ਦੇ ਲਗਭਗ 1.50 ਕਿਲੋਮੀਟਰ ਹਿੱਸੇ ਵਿੱਚ ਭੂਧਸਾਅ ਕਾਰਨ ਪਾਣੀ ਅਤੇ ਮਲਬਾ ਦਾਖਲ ਹੋ ਗਿਆ, ਜਿਸ ਨਾਲ ਅੰਦਰ ਕੰਮ ਕਰ ਰਹੇ ਕੁਝ ਮਜ਼ਦੂਰ ਫਸ ਗਏ।
ਮੁੱਖ ਮੰਤਰੀ ਧਾਮੀ ਨੇ ਟਨਲ ਸਾਈਟ ਦਾ ਨਿਰੀਖਣ ਕਰਨ ਤੋਂ ਬਾਅਦ ਜ਼ਖਮੀ ਮਜ਼ਦੂਰਾਂ ਦਾ ਹਾਲ-ਚਾਲ ਜਾਣਨ ਲਈ ਹੈਲੀਕਾਪਟਰ ਰਾਹੀਂ ਜ਼ਿਲ੍ਹਾ ਹਸਪਤਾਲ ਗੋਪੇਸ਼ਵਰ ਲਈ ਰਵਾਨਾ ਹੋਏ। ਉਹ ਹਸਪਤਾਲ ਵਿੱਚ ਇਲਾਜ ਅਧੀਨ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣਗੇ।
ਪ੍ਰਸ਼ਾਸਨ ਅਤੇ ਬਚਾਅ ਏਜੰਸੀਆਂ ਵੱਲੋਂ ਟਨਲ ਵਿੱਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।



















