ਮਾਨਸਾ, 24 ਅਕਤੂਬਰ 2025 AJ DI Awaaj
Punjab Desk : ਐਸ.ਡੀ.ਐਮ. ਸਰਦੂਲਗੜ੍ਹ ਡਾ. ਅਜੀਤ ਪਾਲ ਸਿੰਘ ਚਹਿਲ ਨੇ ਦੱਸਿਆ ਕਿ ਸਬ ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਖੈਰਾ ਕਲਾਂ ਦੇ ਕਿਸਾਨ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਜੀ ਲਾਲ ਪੁੱਤਰ ਮਨੀ ਰਾਮ ‘ਤੇ ਪਰਾਲੀ ਸਾੜਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ 5 ਹਜ਼ਾਰ ਰੁਪਏ ਦਾ ਚਲਾਣ ਵੀ ਕੱਟਿਆ ਗਿਆ ਹੈ।
ਐਸ.ਡੀ.ਐਮ. ਅਜੀਤ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਪ੍ਰਾਪਤ ਸੈਟੇਲਾਈਟ ਦੀ ਲੋਕੇਸ਼ਨ ਅਨੁਸਾਰ ਸਬ ਡਵੀਜ਼ਨ, ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਖੈਰਾ ਕਲਾਂ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਉਪਰੰਤ ਸਬੰਧਤ ਨੋਡਲ ਅਫ਼ਸਰ ਸੁਰਿੰਦਰ ਕੁਮਾਰ, ਦਫਤਰ ਬੀ.ਡੀ.ਪੀ.ੳ. ਸਰਦੂਲਗੜ੍ਹ ਅਤੇ ਕਲੱਸਟਰ ਅਫਸਰ ਈਸ਼ਾਨਦੀਪ ਸਿੰਘ, ਜੂਨੀਅਰ ਇੰਜੀਨੀਅਰ, ਬੀ.ਐਂਡ ਆਰ. ਦਫਤਰ ਮਾਨਸਾ ਅਤੇ ਗਣੇਸ਼ਵਰ ਕੁਮਾਰ, ਐਸ.ਐਚ.ੳ. ਸਰਦੂਲਗੜ੍ਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਮੌਕਾ ਵੇਖਣ ਉਪਰੰਤ ਪਾਇਆ ਗਿਆ ਕਿ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਜੀ ਲਾਲ ਪੁੱਤਰ ਮਨੀ ਰਾਮ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ। ਜਿਸ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਐਸ.ਡੀ.ਐਮ. ਡਾ. ਅਜੀਤ ਪਾਲ ਸਿੰਘ ਚਹਿਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਐਕਸ ਸੀਟੂ ਤੇ ਇਨ ਸੀਟੂ ਤਕਨੀਕ ਨਾਲ ਪ੍ਰਬੰਧਨ ਕਰਨ ਅਤੇ ਇਸ ਦੇ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਲੈਣ ਅਤੇ ਅੱਗ ਲਾਉਣ ਤੋਂ ਗੁਰੇਜ਼ ਕਰਨ ਤਾਂ ਜੋ ਵਾਤਾਵਰਣ ਦੇ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹੇ, ਫਸਲ ਦਾ ਝਾੜ ਵਧੀਆ ਆਵੇ ਅਤੇ ਮਿੱਤਰ ਕੀੜਿਆਂ ਨੂੰ ਵੀ ਮਰਨ ਤੋਂ ਬਚਾਇਆ ਜਾ ਸਕੇ।














