ਬਰਨਾਲਾ, 12 ਜੂਨ 2026 AJ DI Awaaj
Punjab Desk : ਸਿਹਤ ਵਿਭਾਗ ਬਰਨਾਲਾ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਰੋਡਵੇਜ਼ ਵਰਕਸ਼ਾਪ, ਕਬਾੜ ਦੀਆਂ ਦੁਕਾਨਾਂ, ਹੋਰ ਥਾਂਵਾਂ ਅਤੇ ਘਰ-ਘਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਇਲਾਜ ਅਤੇ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਮੱਛਰਾਂ ਦੇ ਲਾਰਵਾ ਪੈਦਾ ਹੋਣ ਵਾਲੀਆਂ ਥਾਂਵਾਂ ਦੀ ਜਾਂਚ ਕੀਤੀ ਗਈ ਤਾਂ ਜੋ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਇਆ ਜਾ ਸਕੇ।
ਇਹ ਜਾਣਕਾਰੀ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਨੇ ਦਿੱਤੀ। ਓਹਨਾਂ ਕਿਹਾ ਕਿ ਡੇਂਗੂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ।
ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ , ਗੁਰਮੇਲ ਸਿੰਘ ਢਿੱਲੋਂ , ਗੁਰਪ੍ਰੀਤ ਸਿੰਘ ਸਹਿਣਾ ਅਤੇ ਸੁਰਿੰਦਰ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਰੋਡਵੇਜ਼ ਵਰਕਸ਼ਾਪ, ਕਬਾੜ ਦੀਆਂ ਦੁਕਾਨਾਂ ਅਤੇ ਘਰ-ਘਰ ਜਾ ਕੇ ਟਾਇਰਾਂ, ਪਾਣੀ ਦੀਆਂ ਖੇਲਾਂ, ਲੋਹਾ ਪਲਾਸਟਿਕ ਕਬਾੜ , ਕੂਲਰ, ਘੜੇ ,ਫਰਿੱਜ ਦੀ ਬੈਕ ਟਰੇਅ, ਗਮਲੇ ਅਤੇ ਪੰਛੀਆਂ ਲਈ ਪਾਣੀ ਵਾਲੇ ਬਰਤਨ ਆਦਿ ‘ਚ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ । ਡੇਂਗੂ ਤੋਂ ਬਚਾਅ ਲਈ ਖੜੇ ਪਾਣੀ ਦੇ ਸੋਮੇ ਨਸ਼ਟ ਕਰਕੇ ਜਾਂ ਕਾਲਾ ਤੇਲ ਪਾ ਕੇ ਸ਼ੁੱਕਰਵਾਰ ਨ੍ਹੰ ਖੁਸ਼ਕ ਦਿਨ (ਡਰਾਈ ਡੇ ਫਰਾਈ ਡੇ) ਵਜੋਂ ਮਨਾ ਕੇ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ ਤੇ ਰਗੜ ਕੇ ਧੁੱਪ ਵਿੱਚ ਸੁਕਾਉਣ ਬਾਰੇ ਜਾਗਰੂਕ ਕੀਤਾ ਗਿਆ । ਡੇਂਗੂ ਦੇ ਲੱਛਣ ਜਿਵੇਂ ਕਾਂਬੇ ਨਾਲ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ,ਮਾਸ ਪੇਸੀਆਂ ‘ਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ ।ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ, ਸਲੱਮ ਏਰੀਆ, ਸੱਥਾਂ ਆਦਿ ‘ਚ ਗਰੁੱਪ ਮੀਟਿੰਗਾਂ, ਪੈਂਫਲੈਟ ਵੰਡ ਕੇ ਅਤੇ ਪ੍ਰੈਸ ਕਵਰੇਜ ਕਰਵਾ ਕੇ ਮਲੇਰੀਆ ਡੇਂਗੂ ਤੋਂ ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਕਰਮਚਾਰੀ ਜਸਵਿੰਦਰ ਸਿੰਘ, ਗਣੇਸ਼ ਦੱਤ, ਜਗਜੀਤ ਸਿੰਘ, ਚਮਕੌਰ ਸਿੰਘ ਅਤੇ ਗੁਲਾਬ ਸਿੰਘ ਵੱਲੋਂ ਟੀਮਾਂ ਬਣਾ ਕੇ ਬਰਨਾਲਾ ਸ਼ਹਿਰ ਵਿੱਚ ਇਲਾਜ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ।














