ਕੈਬਨਿਟ ਮੰਤਰੀ ਵੱਲੋਂ ਵੱਖ-ਵੱਖ ਖੇਤਰਾਂ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ

2

ਕਿਹਾ ਪੰਜਾਬ ਸਰਕਾਰ ਆਜ਼ਾਦੀ ਘੁਲ਼ਾਟੀਆਂ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂਵੀਰ ਨਾਰੀਆਂ  ਤੇ ਸੰਘਰਸ਼ੀ ਯੋਧਿਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ

ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਆਧਾਰਤ ਵੱਖ-ਵੱਖ ਵੰਨਗੀਆਂ ਕੀਤੀਆਂ ਪੇਸ਼

ਸੋਮਵਾਰ ਨੂੰ ਜ਼ਿਲੇ ਦੇ ਸਾਰੇ ਸਕੂਲਾਂ ਚ ਛੁੱਟੀ ਦਾ ਐਲਾਨ

ਹੁਸ਼ਿਆਰਪੁਰ, 16 ਅਗਸਤ 2026 Aj Di Awaaj

Punjab Desk:  ਪੰਜਾਬ ਦੇ ਜੇਲਾਂ, ਪ੍ਰਵਾਸੀ ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ ਰਵਜੋਤ ਸਿੰਘ ਨੇ ਪੁਲੀਸ ਲਾਈਨ ਗਰਾਊਂਡ ਵਿਖੇ ਆਜ਼ਾਦੀ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਸੰਘਰਸ਼ੀ ਯੋਧਿਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਸੋਮਵਾਰ ਨੂੰ ਜ਼ਿਲੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਵੀ ਕੀਤਾ ।

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ, ਪਰੇਡ ਦੇ ਨਿਰੀਖਣ, ਮਾਰਚ ਪਾਸਟ ਤੋਂ ਸਲਾਮੀ ਲੈਣ ਅਤੇ ਆਪਣੇ ਸੰਬੋਧਨ ਉਪਰੰਤ ਸਭ ਤੋ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ 15 ਸਿਲਾਈ ਮਸ਼ੀਨਾਂ ਅਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੌਂਪੀਆਂ 50 ਮੋਟਰ ਟਰਾਈ-ਸਾਈਕਲਾਂ ਲਾਭਪਾਤਰੀਆਂ ਨੂੰ ਭੇਟ ਕੀਤੀਆਂ। ਇਸ ਉਪਰੰਤ ਕੈਬਨਿਟ ਮੰਤਰੀ ਨੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਸਮੇਤ ਮੁੱਖ ਸਟੇਜ ‘ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ੀ ਯੋਧਿਆਂ ਦਾ ਸਨਮਾਨ ਕੀਤਾ। ਕੈਬਨਿਟ ਮੰਤਰੀ ਨੇ ਹਰੇਕ ਪਰਿਵਾਰ ਨਾਲ ਖੁਦ ਮੁਲਾਕਾਤ ਕਰਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੇਗੀ।

ਇਸ ਉਪਰੰਤ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਮਾਸ ਪੀ.ਟੀ. ਸ਼ੋਅ, ਮਾਊਂਟ ਕਾਰਮਲ ਸਕੂਲ਼, ਕੱਕੋਂ ਦੇ ਵਿਦਿਆਰਥੀਆਂ ਵੱਲੋਂ ‘ਤਿਰੰਗੇ ਕੀ ਸ਼ਾਨ’, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਨੰਦਾਚੌਰ ਦੇ ਵਿਦਿਆਰਥੀਆਂ ਵੱਲੋਂ ‘ਸਰਹੱਦਾਂ ਦੇ ਰਾਖੇ’, ਜੇ. ਐਸ. ਐਸ.  ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਵੱਲੋਂ ‘ਮਿੱਟੀ ਕੀ ਖੁਸ਼ਬੂ’ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਹਾਲ ਦੇ ਵਿਦਿਆਰਥੀਆਂ ਵੱਲੋਂ ਵੀ ਦੇਸ਼ ਭਗਤੀ ਦੀ ਵੰਨਗੀ ‘ਕੇਸਰੀਆ’ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ। ਡਾ ਰਵਜੋਤ ਸਿੰਘ ਨੇ ਪਰੇਡ ਕਮਾਂਡਰ ਡੀ.ਐਸ.ਪੀ. ਕੁਲਵੰਤ ਸਿੰਘ, ਇੰਸਪੈਕਟਰ ਜਸਬੀਰ ਕੌਰ, ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਐਸ.ਆਈ. ਅਜਮੇਰ ਸਿੰਘ, ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਮਹਿਲਾ ਵਿੰਗ ਦੀ ਐਸ.ਆਈ. ਮਮਤਾ, ਜ਼ਿਲਾ ਪੁਲਿਸ ਦੇ ਮਹਿਲਾ ਵਿੰਗ ਦੀ ਐਸ. ਆਈ. ਸ਼ੁਭਮ ਸਿੰਘ, ਹੋਮਗਾਰਡਜ ਦੀ ਟੁਕੜੀ ਦੇ ਕਮਾਂਡਰ ਨਰੇਸ਼ ਕੁਮਾਰ, ਐਨ.ਐਨ.ਸੀ. ਦੀ 12 ਪੰਜਾਬ ਬਟਾਲੀਅਨ ਦੇ ਸੀਨੀਅਰ ਅੰਡਰ ਆਫ਼ਿਸਰ ਉਮੇਸ਼ ਸ਼ਰਮਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਤੋਂ ਗਰਲਜ ਗਾਈਡਜ ਨਵਨੀਤ ਕੌਰ ਡੋਗਰਾ, ਸਕੂਲ ਆਫ਼ ਐਮੀਨੈਂਸ, ਖੁਆਸਪੁਰ ਹੀਰਾ ਤੋਂ ਸਕਾਊਟ ਅੰਸ਼, ਪੀ ਆਰ ਟੀ ਸੀ ਜਹਾਨ ਖੇਲਾਂ ਦੇ ਬੈਂਡ ਦੀ ਅਗਵਾਈ ਕਰਨ ਵਾਲੇ ਏ. ਐਸ. ਆਈ. ਰਾਜ ਕੁਮਾਰ ਨੂੰ ਵੀ ਸਨਮਾਨਤ ਕੀਤਾ । ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਦੇ 10ਵੀੰ ਅਤੇ 12ਵੀ ਜਮਾਤ ਵਿੱਚ ਜ਼ਿਲੇ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ।

ਕੈਬਨਿਟ ਮੰਤਰੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਸਮਾਜਿਕ ਅਤੇ ਉਦਯੋਗਿਕ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਸੰਗੀਤਾ ਮਿੱਤਲ, ਗੋਪਾਲ ਅਗਰਵਾਲ, ਮੁਕੇਸ਼ ਗੋਇਲ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਧੀਆ ਕਾਰਗੁਜਾਰੀ ਲਈ ਕੋਆਰਡੀਨੇਟਰਾਂ ਡਾ. ਮੁਕੇਸ਼ ਕੰਡਾ ਅਤੇ ਕੰਚਨ ਦਿਓਲ ਸਮੇਤ 21 ਮੈਂਬਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਸਮਾਜਿਕ ਸੇਵਾਵਾਂ, ਖੇਡਾਂ ਦੇ ਖੇਤਰ, ਵਿਲੱਖਣ ਸੇਵਾਵਾਂ ਲਈ ਸਮਾਜਿਕ ਕਾਰਕੁੰਨਾਂ, ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ, ਸਾਈਕਲਿੰਗ ਦੇ ਖੇਤਰ ‘ਚ ਚੰਗੀ ਕਾਰਗੁਜ਼ਾਰੀ ਲਈ, ਜੰਗਲਾਂ ਦੀ ਸਾਂਭ-ਸੰਭਾਲ ਲਈ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ। ਡਾ. ਰਵਜੋਤ ਸਿੰਘ ਵੱਲੋਂ ਦੇਸ਼ ਭਗਤੀ ਦੀਆਂ ਵੱਖ-ਵੱਖ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ।

ਪੰਜਾਬ ਦੇ ਜੇਲਾਂ, ਪ੍ਰਵਾਸੀ ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ ਰਵਜੋਤ ਸਿੰਘ ਨੇ ਕਿਹਾ ਕਿ ਸਮਾਜ ਦੀ ਇੱਕਸਾਰ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਲਈ ਸਾਰਿਆਂ ਦੇ ਸਾਂਝੇ ਯਤਨ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਦੀ ਹੌਸਲਾ-ਅਫਜਾਈ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਚੰਗੀ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਹੈ ਤਾਂ ਜੋ ਇਹ ਸਮਾਜਿਕ, ਉਦਯੋਗਿਕ ਅਤੇ ਪ੍ਰਸ਼ਾਸਨਿਕ ਕਾਰਜਾਂ ‘ਚ ਹੋਰ ਬੇਹਤਰੀ ਲਈ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੇ। ਜ਼ਿਕਰਯੋਗ ਹੈ ਕਿ ਸਮਾਗਮ ਦੀ ਸ਼ੁਰੂਆਤ ਅਤੇ ਸਮਾਪਤੀ ਤੋਂ ਪਹਿਲਾਂ ਦੇਸ਼ ਦਾ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਵੀ ਚਲਾਇਆ ਗਿਆ। ਮੈਰੀਗੋਲਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ।