ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਸੰਗਰੂਰ, 15 ਫਰਵਰੀ: Aj Di Awaaj
ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਮੁਕੰਮਲ ਹੋ ਚੁੱਕੇ, ਚੱਲ ਰਹੇ ਅਤੇ ਆਰੰਭ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਦੀ ਮੌਜੂਦਗੀ ਵਿੱਚ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਦਾਇਤ ਕੀਤੀ ਕਿ ਸਮੂਹ ਸਰਕਾਰੀ ਕਾਰਜਕਾਰੀ ਏਜੰਸੀਆਂ ਅਤੇ ਵਿਭਾਗੀ ਮੁਖੀ, ਵਿਕਾਸ ਕੰਮਾਂ ਨੂੰ ਨਿਰਧਾਰਿਤ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਲਈ ਪਾਬੰਦ ਰਹਿਣ ਅਤੇ ਬਿਨਾਂ ਵਜ੍ਹਾ ਕਿਸੇ ਵੀ ਕਾਰਜ ਵਿੱਚ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਨਗਰ ਕੌਂਸਲ, ਪੀ.ਐਸ.ਪੀ.ਸੀ.ਐਲ, ਪੰਚਾਇਤੀ ਰਾਜ, ਲੋਕ ਨਿਰਮਾਣ ਵਿਭਾਗ, ਪੰਜਾਬ ਮੰਡੀ ਬੋਰਡ, ਭੂਮੀ ਰੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ, ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ, ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸੀਵਰੇਜ ਬੋਰਡ, ਨਹਿਰੀ ਵਿਭਾਗ ਆਦਿ ਨਾਲ ਸਬੰਧਤ ਕਾਰਜਾਂ ਦੀ ਸਥਿਤੀ ਬਾਰੇ ਮੁਖੀਆਂ ਤੋਂ ਜਾਣਕਾਰੀ ਹਾਸਲ ਕਰਦਿਆਂ ਹਦਾਇਤ ਕੀਤੀ ਕਿ ਹਲਕਾ ਸੁਨਾਮ ਨੂੰ ਸੁਵਿਧਾਵਾਂ ਪੱਖੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਨੇ ਡਰੱਗ ਵੇਅਰ ਹਾਊਸ, ਵੱਖ-ਵੱਖ ਖੇਡ ਸਟੇਡੀਅਮਾਂ, ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਨ ਲਈ ਚੱਲ ਰਹੇ ਕਾਰਜਾਂ, ਹਾਈ ਲੈਵਲ ਪੁਲਾਂ ਦੇ ਨਿਰਮਾਣ, ਰੋਜ਼ ਗਾਰਡਨ, ਸੜਕਾਂ ਦੇ ਨਿਰਮਾਣ, ਐਸ.ਟੀ.ਪੀ, ਖਾਲਾਂ ਨੂੰ ਪੱਕੇ ਕਰਨ ਦੇ ਕਾਰਜਾਂ, ਸੋਲਿਡ ਵੇਸਟ, ਲਿਕੂਇਡ ਵੇਸਟ, ਸਕੂਲ ਆਫ਼ ਐਮੀਨੈਂਸ, ਪੇਂਡੂ ਲਾਇਬ੍ਰੇਰੀਆਂ, ਬੱਸ ਸਟੈਂਡ, ਹਸਪਤਾਲਾਂ ਤੇ ਹੋਰ ਸਿਹਤ ਸੰਸਥਾਵਾਂ, ਛੱਪੜਾਂ ਦੀ ਨਵੀਨੀਕਰਨ ਪ੍ਰਕਿਰਿਆ ਸਮੇਤ ਵੱਡੀ ਗਿਣਤੀ ਕਾਰਜਾਂ ਬਾਰੇ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਓ.ਐਸ.ਡੀ ਟੂ ਕੈਬਨਿਟ ਮੰਤਰੀ ਅੰਮ੍ਰਿਤ ਸਿੱਧੂ, ਸੰਜੀਵ ਕੁਮਾਰ ਸੰਜੂ ਸਮੇਤ ਸਮੂਹ ਕਾਰਜਕਾਰੀ ਏਜੰਸੀਆਂ ਦੇ ਐਕਸੀਅਨ, ਵਿਭਾਗੀ ਮੁਖੀ ਵੀ ਹਾਜ਼ਰ ਸਨ।
