14 July 2026 Aj Di Awaaj
Business Desk: ਭਾਰਤੀ ਸ਼ੇਅਰ ਬਾਜ਼ਾਰ ਲਈ ਆਉਣ ਵਾਲਾ ਸਮਾਂ ਹੋਰ ਮਜ਼ਬੂਤ ਹੋ ਸਕਦਾ ਹੈ। ਗਲੋਬਲ ਇਨਵੈਸਟਮੈਂਟ ਬੈਂਕ ਗੋਲਡਮੈਨ ਸੈਕਸ ਨੇ ਆਪਣੇ ਤਾਜ਼ਾ ਵਿਸ਼ਲੇਸ਼ਣ ਵਿੱਚ ਅਨੁਮਾਨ ਲਗਾਇਆ ਹੈ ਕਿ ਨਿਫਟੀ ਜੂਨ 2027 ਤੱਕ 26,500 ਅੰਕਾਂ ਦੇ ਪੱਧਰ ਤੱਕ ਪਹੁੰਚ ਸਕਦਾ ਹੈ, ਜੋ ਮੌਜੂਦਾ ਪੱਧਰ ਨਾਲੋਂ ਲਗਭਗ 10 ਫੀਸਦੀ ਵੱਧ ਹੈ।
ਗੋਲਡਮੈਨ ਸੈਕਸ ਦੇ ਏਸ਼ੀਆ ਮੈਕਰੋ ਰਿਸਰਚ ਦੇ ਕੋ-ਹੈੱਡ ਟਿਮੋਥੀ ਮੋ, ਅਮੋਰੀਤਾ ਗੋਇਲ ਅਤੇ ਸੁਨੀਲ ਕੌਲ ਵੱਲੋਂ ਜਾਰੀ ਕੀਤੇ ਇੰਡੀਆ ਸਟ੍ਰੈਟਜੀ ਨੋਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਬਾਜ਼ਾਰਾਂ ਪ੍ਰਤੀ ਵਿਦੇਸ਼ੀ ਨਿਵੇਸ਼ਕਾਂ ਦਾ ਰੁਝਾਨ ਮੁੜ ਸਕਾਰਾਤਮਕ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ ਦੀ ਘੱਟ ਹਿੱਸੇਦਾਰੀ ਅਤੇ ਭਾਰਤ ਦੀ ਮਜ਼ਬੂਤ ਘਰੇਲੂ ਅਰਥਵਿਵਸਥਾ ਹੈ।
ਰਿਪੋਰਟ ਅਨੁਸਾਰ, 2026 ਦੀ ਪਹਿਲੀ ਛਿਮਾਹੀ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਇਕਵਿਟੀ ਵਿੱਚੋਂ 30 ਅਰਬ ਡਾਲਰ ਤੋਂ ਵੱਧ ਦੀ ਬਿਕਵਾਲੀ ਕੀਤੀ ਸੀ। ਹਾਲਾਂਕਿ ਜੂਨ ਦੇ ਦੂਜੇ ਅੱਧ ਤੋਂ ਤਸਵੀਰ ਬਦਲਣੀ ਸ਼ੁਰੂ ਹੋਈ ਅਤੇ ਵਿਦੇਸ਼ੀ ਨਿਵੇਸ਼ਕ ਦੁਬਾਰਾ ਖਰੀਦਦਾਰ ਬਣ ਗਏ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਰੀਬ 2 ਅਰਬ ਡਾਲਰ ਦਾ ਨਵਾਂ ਨਿਵੇਸ਼ ਕੀਤਾ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਗਲੋਬਲ ਫੰਡਾਂ ਦੀ ਭਾਰਤੀ ਬਾਜ਼ਾਰ ਵਿੱਚ ਹਾਲੇ ਵੀ ਘੱਟ ਹਿੱਸੇਦਾਰੀ ਹੈ, ਜਿਸ ਕਾਰਨ ਅੱਗੇ ਹੋਰ ਨਿਵੇਸ਼ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ ਕਾਰਪੋਰੇਟ ਕਮਾਈ ਵਿੱਚ ਸੁਸਤੀ ਅਤੇ ਉੱਚੇ ਵੈਲਿਊਏਸ਼ਨ ਹਾਲੇ ਵੀ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਹਨ, ਪਰ ਘਰੇਲੂ ਮੰਗ ਵਿੱਚ ਸੁਧਾਰ ਅਤੇ ਆਰਥਿਕ ਰਿਕਵਰੀ ਬਾਜ਼ਾਰ ਨੂੰ ਸਹਾਰਾ ਦੇ ਸਕਦੀ ਹੈ।
NSDL ਦੇ ਅੰਕੜਿਆਂ ਮੁਤਾਬਕ, ਵਿੱਤੀ ਸਾਲ 2026-27 ਵਿੱਚ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਕੁੱਲ 1.28 ਲੱਖ ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਜੂਨ ਮਹੀਨੇ ਵਿੱਚ 49,340 ਕਰੋੜ ਰੁਪਏ ਦੀ ਬਿਕਵਾਲੀ ਹੋਈ ਸੀ, ਜਦਕਿ ਜੁਲਾਈ ਵਿੱਚ ਹੁਣ ਤੱਕ 15,157 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਦਰਜ ਕੀਤਾ ਗਿਆ ਹੈ, ਜਿਸਨੂੰ ਬਾਜ਼ਾਰ ਲਈ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ।



















