ਚੰਡੀਗੜ੍ਹ 06 Apr 2026 AJ DI Awaaj
Chandigarh Desk : ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸ਼ਹਿਰ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ ਹੈ। ਸੈਕਟਰ 45 ਵਿੱਚ ਸਥਿਤ ਇੱਕ ਸਕੂਲ ਤੋਂ ਆਈਆਂ ਤਾਜ਼ਾ ਤਸਵੀਰਾਂ ਵਿੱਚ ਵੇਖਿਆ ਗਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਨੂੰ ਤੁਰੰਤ ਸਕੂਲ ਪ੍ਰੰਗਣ ਤੋਂ ਬਾਹਰ ਕੱਢਿਆ ਗਿਆ।
ਘਟਨਾ ਦੇ ਤੁਰੰਤ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨਾਲ ਮਿਲਕੇ ਪੂਰੇ ਕੈਂਪਸ ਨੂੰ ਖਾਲੀ ਕਰਵਾਇਆ। ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਅਤੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤਾਇਨਾਤ ਹਨ ਅਤੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸੈਕਟਰ 32, 41, 45 ਅਤੇ 47 ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਪ੍ਰਾਪਤ ਹੋਏ ਹਨ, ਜਿਸ ਨਾਲ ਪੂਰੇ ਸ਼ਹਿਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਸ਼ੱਕੀ ਵਸਤੂ ਦੀ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਦੇ ਤੌਰ ‘ਤੇ ਸਾਰੇ ਸਕੂਲ ਖਾਲੀ ਕਰਵਾ ਲਏ ਗਏ ਹਨ।
ਇਸ ਘਟਨਾ ਕਾਰਨ ਮਾਪਿਆਂ ਅਤੇ ਪ੍ਰਸ਼ਾਸਨ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ।














