ਸਰਕਾਰੀ ਕਾਲਜ ਰੋਪੜ ਵਿਖੇ ਖੂਨਦਾਨ ਕੈਂਪ

2

ਰੂਪਨਗਰ, 25 ਸਤੰਬਰ 2026 AJ DI Awaaj

Punjab Desk   : ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਗੁਨਜੀਤ ਕੌਰ ਦੀ ਸਰਪ੍ਰਸਤੀ ਹੇਠ ਰੈੱਡ ਰਿਬਨ ਕਲੱਬ ਅਤੇ ਰਾਸ਼ਟਰੀ ਸੇਵਾ ਯੋਜਨਾ ਇਕਾਈ ਵੱਲੋਂ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ, ਭਾਈਚਾਰਕ ਸਹਿਯੋਗ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ।

ਕੈਂਪ ਦੌਰਾਨ ਕਾਲਜ ਦੇ ਅਧਿਆਪਕਾਂ, ਗੈਰ-ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕੁੱਲ 51 ਯੂਨਿਟ ਖੂਨ ਇਕੱਠਾ ਕੀਤਾ ਗਿਆ। ਰੈੱਡ ਰਿਬਨ ਕਲੱਬ ਦੇ ਸਵੈ-ਸੇਵਕਾਂ ਨੇ ਕੈਂਪ ਦੀਆਂ ਤਿਆਰੀਆਂ, ਪ੍ਰਬੰਧਨ ਅਤੇ ਖੂਨਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਟੀਮ ਭਾਵਨਾ ਨੇ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਇਸ ਦੌਰਾਨ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਪ੍ਰਮਾਣ ਪੱਤਰ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਖੂਨਦਾਨ—ਮਹਾਦਾਨ’ ਅਤੇ ‘ਤੁਹਾਡਾ ਇੱਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ’ ਵਰਗੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਸਵੈ-ਇੱਛਕ ਅਤੇ ਨਿਯਮਿਤ ਖੂਨਦਾਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਕੁੰਦਨ ਕੱਪ ਤਹਿਤ ਰੈੱਡ ਰਿਬਨ ਕਲੱਬ ਦੀ ਸੰਯੋਜਕ ਡਾ. ਅਨੂ ਸ਼ਰਮਾ ਨੂੰ ਕੈਂਪ ਦੇ ਸਫ਼ਲ ਆਯੋਜਨ, ਸਮਰਪਿਤ ਸੇਵਾਵਾਂ, ਪ੍ਰਭਾਵਸ਼ਾਲੀ ਅਗਵਾਈ ਅਤੇ ਵਿਸ਼ੇਸ਼ ਯੋਗਦਾਨ ਲਈ ਸਰਵੋਤਮ ਪ੍ਰਬੰਧਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰੈੱਡ ਰਿਬਨ ਕਲੱਬ ਦੀ ਮੈਂਬਰ ਪ੍ਰੋ. ਗੁਰਪ੍ਰੀਤ ਕੌਰ ਨੇ ਵੀ ਕੈਂਪ ਦੇ ਆਯੋਜਨ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ।

ਇਸ ਸਮਾਗਮ ਵਿੱਚ ਰੋਟਰੀ ਕਲੱਬ ਦੇ ਮੈਂਬਰਾਂ, ਕਾਲਜ ਦੇ ਸਮੂਹ ਅਮਲੇ, ਦਾਨੀਆਂ ਅਤੇ ਸਵੈ-ਸੇਵਕਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਨੇ ਸਰਕਾਰੀ ਕਾਲਜ ਰੋਪੜ ਅਤੇ ਰੋਟਰੀ ਕਲੱਬ ਰੂਪਨਗਰ ਦਰਮਿਆਨ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਵਿੱਚ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਵੀ ਉਤਸ਼ਾਹਿਤ ਕੀਤਾ।