‘ਖੇਤ ਬਚਾਉ ਅਭਿਆਨ’ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

3

ਮਲੋਟ/ਸ੍ਰੀ ਮੁਕਤਸਰ ਸਾਹਿਬ 1ਜੂਨ 2026 Aj Di Awaaj 

Punjab Desk:  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ, ਬਲਾਕ ਮਲੋਟ ਦੀ ਅਗਵਾਈ ਵਿੱਚ ‘ਖੇਤ ਬਚਾਉ ਅਭਿਆਨ’ਤਹਿਤ ਪਿੰਡ ਆਲਮ ਵਾਲਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਲੋਟ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਅਗਾਂਹਵਧੂ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

 ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਸਾਉਣੀ ਦੀਆਂ ਫ਼ਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ, ਜੈਵਿਕ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਸੁਧਾਰ, ਖਾਦਾਂ ਦੀ ਘਾਟ ਸਮੇਂ ਬਦਲਵੇਂ ਵਿਕਲਪ, ਸੂਖਮ ਪੋਸ਼ਕ ਤੱਤਾਂ ਦੀ ਮਹੱਤਤਾ ਅਤੇ ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਨਾਲ, ਉਹਨਾਂ ਨੇ ਝੋਨੇ/ਬਾਸਮਤੀ ਦੀ ਨਰੋਈ ਪਨੀਰੀ ਤਿਆਰ ਕਰਨ ਦੇ ਜ਼ਰੂਰੀ ਨੁਕਤੇ ਸਾਂਝੇ ਕੀਤੇ ਅਤੇ ਝੋਨੇ ਵਿੱਚ ਮਧਰੇ ਰੋਗ ਦੀ ਸਹੀ ਸਮੇਂ ਤੇ ਸੁਚੱਜੀ ਰੋਕਥਾਮ ਦੇ ਢੰਗਾਂ ਬਾਰੇ ਵੀ ਚਾਨਣਾ ਪਾਇਆ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ ਤੋਂ ਡਾ. ਮੰਗਲ ਸੇਨ, ਖੇਤੀਬਾੜੀ ਵਿਕਾਸ ਅਫ਼ਸਰ ਨੇ ‘ਖੇਤ ਬਚਾਉ ਅਭਿਆਨ’ਦੇ ਮੱਖ ੳੇਦੇਸ਼ਾਂ ਬਾਰੇ ਅਤੇ ਇਸ ਮੁਹਿੰਮ ਤਹਿਤ ਕੇ.ਵੀ.ਕੇ. ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਟੀ ਦੀ ਜਾਂਚ ਅਧਾਰਿਤ ਖਾਦਾਂ ਦੀ ਵਰਤੋਂ ਲੰਬੇ ਸਮੇਂ ਲਈ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਸਿਫਾਰਸ਼ੀ ਮਾਤਰਾ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਡਾ. ਅਮ੍ਰਿਤਕਿਰਪਾਲ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਨੇ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਸੁਚੱਜੀ ਕਾਸ਼ਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਦੱਸਿਆ ਕਿ ਸਿੱਧੀ ਬਿਜਾਈ ਕਰਨ ਨਾਲ ਨਾ ਸਿਰਫ਼ ਕੁਦਰਤੀ ਸਰੋਤਾਂ ਦੀ ਸੰਭਾਲ ਹੰਦੀ ਹੈ ਬਲਕਿ ਕਿਸਾਨ ਦੇ ਸ਼ੁੱਧ ਮੁਨਾਫ਼ੇ ਵਿੱਚ ਵੀ ਵਾਧਾ ਹੁੰਦਾ ਹੈ। ਇਸ ਦੌਰਾਨ ਡਾ. ਮਨਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਅਤੇ ਮਹਿਕਮੇ ਵੱਲੋਂ ਕਿਸਾਨਾਂ ਨੁੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।  ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਖੇਤ ਪੱਧਰੀ ਸਮੱਸਿਆਵਾਂ ਸਬੰਧੀ ਆਪਣੇ ਸਵਾਲ ਵਿਗਿਆਨੀਆਂ ਸਾਹਮਣੇ ਰੱਖੇ, ਜਿਨ੍ਹਾਂ ਦੇ ਸੰਤੁਸ਼ਟੀਜਨਕ ਜਵਾਬ ਦਿੱਤੇ ਗਏ।