ਚੰਡੀਗੜ੍ਹ 03 july 2025 Aj D Awaaj
Punjab Desk : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਕਿਹਾ ਕਿ ਕਿਉਂਕਿ ਮੋਹਾਲੀ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਤਾਜ਼ਾ ਰਿਮਾਂਡ ਆਰਡਰ ਅਜੇ ਤੱਕ ਪ੍ਰਾਪਤ ਨਹੀਂ ਹੋਇਆ, ਇਸ ਲਈ ਮਜੀਠੀਆ ਵੱਲੋਂ ਦਿੱਤੀ ਚੁਣੌਤੀ ਉੱਤੇ ਕਾਰਵਾਈ ਸੰਭਵ ਨਹੀਂ। ਸਰਕਾਰ ਨੇ ਦੱਸਿਆ ਕਿ ਇਹ ਹੁਕਮ ਦੁਪਹਿਰ 2 ਵਜੇ ਤੱਕ ਮਿਲ ਜਾਣ ਦੀ ਉਮੀਦ ਹੈ, ਜਿਸ ਤੋਂ ਬਾਅਦ ਸੁਣਵਾਈ ਕੱਲ੍ਹ ਫਿਰ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਮੋਹਾਲੀ ਅਦਾਲਤ ਨੇ ਕੱਲ੍ਹ ਮਜੀਠੀਆ ਦੇ ਵਿਜੀਲੈਂਸ ਰਿਮਾਂਡ ‘ਚ 4 ਦਿਨਾਂ ਦਾ ਵਾਧਾ ਕਰ ਦਿੱਤਾ ਸੀ। ਉਹ ਸੱਤ ਦਿਨਾਂ ਦੇ ਪਹਿਲਾਂ ਰਿਮਾਂਡ ਦੀ ਮਿਆਦ ਪੂਰੀ ਹੋਣ ‘ਤੇ ਮੁਹਾਲੀ ਕੋਰਟ ‘ਚ ਪੇਸ਼ ਹੋਏ ਸਨ। ਇਨ੍ਹਾਂ ਦੀ ਪੇਸ਼ੀ ਦੌਰਾਨ ਦੋਵਾਂ ਪੱਖਾਂ ਵੱਲੋਂ ਲਗਭਗ ਚਾਰ ਘੰਟੇ ਤਕ ਗਹਿਰੀ ਬਹਿਸ ਹੋਈ।
ਮਜੀਠੀਆ ਦੀ ਪੇਸ਼ੀ ਮੌਕੇ ਮੁਹਾਲੀ ਕੋਰਟ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਚੰਡੀਗੜ੍ਹ-ਮੁਹਾਲੀ ਸਰਹੱਦ ਨੇੜੇ ਹਿਰਾਸਤ ‘ਚ ਲਿਆ ਗਿਆ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਰਾਜ ਵਿਚ ਅਣਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ, ਅੰਬ ਸਾਹਿਬ ਤੋਂ ਵਿਜੀਲੈਂਸ ਭਵਨ ਵੱਲ ਮਾਰਚ ਕਰਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਦਰਬਾਰਾ ਸਿੰਘ ਗੁਰੂ, ਪਰਵਿੰਦਰ ਸਿੰਘ ਸੋਹਾਣਾ ਅਤੇ ਹੋਰ ਕਈ ਵਰਕਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਕੁਝ ਸਮੇਂ ਬਾਅਦ ਸੁਖਬੀਰ ਬਾਦਲ ਸਮੇਤ ਸਾਰੇ ਆਗੂਆਂ ਨੂੰ ਫੇਜ਼ 11 ਥਾਣੇ ਤੋਂ ਰਿਹਾ ਕਰ ਦਿੱਤਾ ਗਿਆ।
