17 ਫਰਵਰੀ 2025 Aj Di Awaaj
ਤੁਸ਼ਾਰ ਸ਼ਰਮਾ, ਪੰਜਾਬੀ ਜਾਗਰਣ, ਬਰਨਾਲਾ : ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਪਿਛਲੇ ਕਈ ਦਿਨਾਂ ਤੋਂ ਸ਼ਹਿਣਾ-ਭਦੌੜ ਮੁੱਖ ਮਾਰਗ ’ਤੇ ਲੱਗੇ ਪੱਕੇ ਮੋਰਚੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਛੇਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਮੌਕੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨੀ ਨਾਲ ਧੱਕਾ ਕਰ ਰਹੀ ਹੈ। ਪੂਰੇ ਪੰਜਾਬ ’ਚ ਸੜਕਾਂ ਦਾ ਜਾਲ ਵਿਛਾਕੇ ਫ਼ਸਲੀ ਪੈਦਾਵਾਰ ਦਿਨੋਂ-ਦਿਨੋਂ ਘੱਟ ਕੀਤੀ ਜਾ ਰਹੀ ਹੈ ਤੇ ਜ਼ਮੀਨਾਂ ਦੇ ਕਬਜ਼ੇ ਕਾਰਪੋਰੇਟ ਘਰਾਣਿਆਂ ਨੂੰ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ੇ ਦੇ ਜਾਲ ’ਚ ਹੋਰ ਫਸ ਰਹੇ ਹਨ। ਫ਼ਸਲਾਂ ਦਾ ਪੂਰਾ ਮੁੱਲ ਨਾ ਮਿਲਣ ’ਤੇ ਕਿਸਾਨੀ ਹੋਰ ਘਾਟੇ ’ਚ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਜ਼ਿਲ੍ਹਾ ਪੱਧਰ ’ਤੇ ਇੱਕਠ ਕਰਕੇ ਭਾਰਤਮਾਲਾ ਸੜਕ ਦੇ ਵਿਰੋਧ ’ਚ ਸਖ਼ਤ ਐਕਸ਼ਨ ਲਿਆ ਜਾਵੇਗਾ, ਜਿਸ ਸਬੰਧੀ ਪਿੰਡਾਂ ਅੰਦਰ ਵੱਡੀ ਗਿਣਤੀ ’ਚ ਤਿਆਰੀ ਜੋਰਾਂ ’ਤੇ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਸੁਖਦੇਵ ਸਿੰਘ ਭਦੌੜ, ਅਮਰਜੀਤ ਸਿੰਘ ਭਦੌੜ, ਦਰਸ਼ਨ ਸਿੰਘ ਭਾਨਾ, ਮਾਨ ਸਿੰਘ ਭਦੌੜ, ਮਲਕੀਤ ਸਿੰਘ ਸ਼ਹਿਣਾ, ਮੇਜਰ ਸਿੰਘ ਸ਼ਹਿਣਾ, ਪਰਮਿੰਦਰ ਸਿੰਘ ਸ਼ਹਿਣਾ, ਜਾਗਰ ਸਿੰਘ ਗਿੱਲ ਕੋਠੇ, ਨਾਹਰ ਸਿੰਘ ਗਿੱਲ ਕੋਠੇ, ਜੋਗਿੰਦਰ ਸਿੰਘ ਅਲਕੜਾ, ਮੱਖਣ ਸਿੰਘ ਨੈਣੇਵਾਲ ਸਣੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
