ਚੰਡੀਗੜ੍ਹ 25 June 2025 AJ Di Awaaj
Punjab Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਰਾਜਭਵਨ ‘ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਰਾਜਸਭਾ ਨੂੰ ਲੈ ਕੇ ਆ ਰਹੀਆਂ ਅਟਕਲਾਂ ‘ਤੇ ਪੱਥਰ ਪਾ ਦਿੱਤਾ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ‘ਤੇ ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਰਾਜਸਭਾ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੀਟ ‘ਤੇ ਪਾਰਟੀ ਕਿਸੇ ਹੋਰ ਆਗੂ ਨੂੰ ਭੇਜੇਗੀ ਅਤੇ ਇਹ ਫੈਸਲਾ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਵੱਲੋਂ ਲਿਆ ਜਾਵੇਗਾ।
ਦਰਅਸਲ, ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਉਪਚੋਣ ਵਿੱਚ AAP ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ, ਜਿਸ ਨਾਲ ਉਹ ਹੁਣ ਵਿਧਾਇਕ ਬਣ ਗਏ ਹਨ। ਸੰਜੀਵ ਅਰੋੜਾ ਪਹਿਲਾਂ ਰਾਜਸਭਾ ਮੈਂਬਰ ਸਨ, ਜਿਸ ਕਰਕੇ ਹੁਣ ਉਹਨਾਂ ਦੀ ਰਾਜਸਭਾ ਸੀਟ ਖਾਲੀ ਹੋ ਗਈ ਹੈ।
ਇਸ ਸੰਦਰਭ ‘ਚ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਕੇਜਰੀਵਾਲ ਨੂੰ ਰਾਜਸਭਾ ਭੇਜਿਆ ਜਾ ਸਕਦਾ ਹੈ, ਪਰ ਹੁਣ ਮੁੱਖ ਮੰਤਰੀ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਦੀ ਬਜਾਏ ਕਿਸੇ ਹੋਰ ਆਗੂ ਨੂੰ ਚੁਣਿਆ ਜਾਵੇਗਾ।
AAP ਵੱਲੋਂ ਲੁਧਿਆਣਾ ਪੱਛਮੀ ਸੀਟ ‘ਤੇ ਹੋਈ ਉਪਚੋਣ ‘ਚ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਗਈ। ਇਹ ਸੀਟ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।
ਹੁਣ ਨਜ਼ਰ ਇਹ ‘ਤੇ ਹੈ ਕਿ ਆਖਿਰ ‘ਆਪ’ ਕਿਹੜੇ ਨੇਤਾ ਨੂੰ ਰਾਜਸਭਾ ‘ਚ ਭੇਜਣ ਦਾ ਫੈਸਲਾ ਕਰਦੀ ਹੈ।
