ਅੰਗਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਬੈਨਰ ਕੀਤਾ ਜਾਰੀ

58
ਹੁਸਿ਼ਆਰਪੁਰ, 17 ਦਸੰਬਰ 2025AJ DI Awaaj
Punjab Desk : ਨਗਰ ਨਿਗਮ ਹੁਸ਼ਿਆਰਪੁਰ ਦੇ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ ਨੇ ਆਮ ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਲਗਾਏ ਗਏ ਜਾਗਰੂਕਤਾ ਬੈਨਰ ਨੂੰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਗਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਜਿਸ ਰਾਹੀਂ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਸਮਾਜ ਦੇ ਹਰ ਨਾਗਰਿਕ ਨੂੰ ਇਸ ਪਵਿੱਤਰ ਕਾਰਜ ਦੀ ਮਹੱਤਤਾ ਨੂੰ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ।
ਸਮਾਗਮ ਦੌਰਾਨ ਆਈ ਡੋਨੇਸ਼ਨ ਟੀਮ ਦੇ ਮੁੱਖ ਮੈਂਬਰਾਂ ਦੀ ਸਨਮਾਨਜਨਕ ਮੌਜੂਦਗੀ ਰਹੀ, ਜਿਨ੍ਹਾਂ ਵਿੱਚ ਇੰਜੀ: ਬਲਜੀਤ ਸਿੰਘ ਪਨੇਸਰ, ਪ੍ਰੋ.ਬਹਾਦਰ ਸਿੰਘ ਸੁਨੇਤ, ਸੰਤੋਸ਼ ਸੈਣੀ, ਮਨਜੀਤ ਕੌਰ, ਹਰਵਿੰਦਰ ਕੌਰ, ਜਗਮੀਤ ਸਿੰਘ ਸੇਠੀ ਅਤੇ ਸਰਵਣ ਸਿੰਘ ਵੀ ਮੌਜੂਦ ਸਨ।
ਬੁਲਾਰਿਆਂ ਨੇ ਅੰਗਦਾਨ ਖਾਸ ਕਰਕੇ ਅੱਖਾਂ ਦਾਨ ਦੀ ਮਹੱਤਤਾ ‘ਤੇ ਚਾਨਣਾ ਪਾਇਆ, ਇਹ ਸਮਝਾਉਂਦੇ ਹੋਏ ਕਿ ਮੌਤ ਤੋਂ ਬਾਅਦ ਦਾਨ ਕਿਸੇ ਦੇ ਜੀਵਨ ਵਿੱਚ ਰੋਸ਼ਨੀ ਲਿਆ ਸਕਦਾ ਹੈ। ਹਾਜ਼ਰੀਨ ਨੂੰ ਅੰਗਦਾਨ ਕਰਨ ਦਾ ਪ੍ਰਣ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਮਾਜ ਵਿੱਚ ਇਸ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ ਗਈ।