ਬੀ. ਪ੍ਰਾਕ ਨੂੰ 10 ਕਰੋੜ ਦੀ ਫਿਰੌਤੀ ਦੀ ਧਮਕੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

60

Punjab 17 Jan 2026 AJ DI Awaaj

Punjab Desk :  ਪੰਜਾਬੀ ਅਤੇ ਬਾਲੀਵੁੱਡ ਗਾਇਕ ਬੀ. ਪ੍ਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇੱਕ ਵੱਡੀ ਗੈਂਗ ਵੱਲੋਂ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਧਮਕੀ ਬੀ. ਪ੍ਰਾਕ ਦੇ ਸਾਥੀ ਅਤੇ ਪੰਜਾਬੀ ਗਾਇਕ ਦਿਲਨੂਰ ਰਾਹੀਂ ਦਿੱਤੀ ਗਈ।

ਦਿਲਨੂਰ ਨੇ ਪੁਲਿਸ ਨੂੰ ਦੱਸਿਆ ਕਿ 5 ਜਨਵਰੀ ਨੂੰ ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਦੋ ਮਿਸਡ ਕਾਲਾਂ ਆਈਆਂ, ਜਿਨ੍ਹਾਂ ਦਾ ਉਸਨੇ ਜਵਾਬ ਨਹੀਂ ਦਿੱਤਾ। 6 ਜਨਵਰੀ ਨੂੰ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸਨੂੰ ਜਵਾਬ ਦੇਣ ‘ਤੇ ਗੱਲਬਾਤ ਸ਼ੱਕੀ ਲੱਗੀ ਅਤੇ ਉਸਨੇ ਤੁਰੰਤ ਫ਼ੋਨ ਕੱਟ ਦਿੱਤਾ। ਕੁਝ ਸਮੇਂ ਬਾਅਦ ਉਸਨੂੰ ਇੱਕ ਆਡੀਓ ਮੈਸੇਜ ਮਿਲਿਆ, ਜਿਸ ਵਿੱਚ ਬੀ. ਪ੍ਰਾਕ ਲਈ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ।

ਆਡੀਓ ਸੁਨੇਹੇ ਵਿੱਚ ਸਪੱਸ਼ਟ ਤੌਰ ‘ਤੇ ਚਿਤਾਵਨੀ ਦਿੱਤੀ ਗਈ ਕਿ ਜੇ ਇੱਕ ਹਫ਼ਤੇ ਦੇ ਅੰਦਰ ਫਿਰੌਤੀ ਦੀ ਰਕਮ ਅਦਾ ਨਾ ਕੀਤੀ ਗਈ ਤਾਂ ਬੀ. ਪ੍ਰਾਕ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾਵੇਗਾ।

ਇਸ ਮਾਮਲੇ ਤੋਂ ਬਾਅਦ ਦਿਲਨੂਰ ਨੇ ਤੁਰੰਤ ਐਸਐਸਪੀ ਮੋਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਲਾਂ ਦੇ ਸਰੋਤ ਨਾਲ ਨਾਲ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।