ਡੇਂਗੂ ਦੀ ਰੋਕਥਾਮ ਲਈ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਜਾਗਰੂਕਤਾ ਰੈਲੀ

1
ਰੂਪਨਗਰ, 18 ਸਤੰਬਰ 2026 AJ DI Awaaj
Punjab Desk  : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਦੀ ਰੋਕਥਾਮ ਅਤੇ ਇਸ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਚਲਾਈ ਜਾ ਰਹੀ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਵਿੱਚ ਵਿਸ਼ੇਸ਼ ਡੇਂਗੂ ਵਿਰੋਧੀ ਅਤੇ ਲਾਰਵਾ-ਵਿਰੋਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸੇ ਤਹਿਤ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਕੱਢੀ ਗਈ।
ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੀ ਅਗਵਾਈ ਹੇਠ ਕਰਵਾਈ ਗਈ ਇਸ ਗਤੀਵਿਧੀ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਲਈ ਸੰਵੇਦਨਸ਼ੀਲ ਅਤੇ ਚਿੰਨ੍ਹਿਤ ਖੇਤਰਾਂ ਦਾ ਵਿਸ਼ੇਸ਼ ਦੌਰਾ ਕਰਕੇ ਘਰ-ਘਰ ਸਰਵੇਖਣ ਕੀਤਾ ਗਿਆ। ਟੀਮਾਂ ਵੱਲੋਂ ਸੰਭਾਵਿਤ ਮੱਛਰ ਪ੍ਰਜਨਨ ਸਥਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਖੜ੍ਹੇ ਪਾਣੀ ਦੇ ਸਰੋਤਾਂ ਦੀ ਪਛਾਣ ਕਰਕੇ ਲਾਰਵੇ ਦੀ ਮੌਜੂਦਗੀ ਦੀ ਜਾਂਚ ਕੀਤੀ ਗਈ।
ਇਸ ਵਿਸ਼ੇਸ਼ ਮੁਹਿੰਮ ਦੌਰਾਨ ਰੂਪਨਗਰ, ਭਰਤਗੜ੍ਹ, ਸ੍ਰੀ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੂਰਪੁਰ ਬੇਦੀ ਖੇਤਰਾਂ ਵਿੱਚ 274 ਘਰਾਂ ਅਤੇ ਹੋਰ ਥਾਵਾਂ ਦਾ ਸਰਵੇਖਣ ਕਰਕੇ 1,311 ਪਾਣੀ ਵਾਲੇ ਭਾਂਡਿਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 9 ਭਾਂਡਿਆਂ ਵਿੱਚ ਲਾਰਵਾ ਮੌਜੂਦ ਪਾਇਆ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਹੀ ਲੋੜੀਂਦੀ ਲਾਰਵਾ-ਵਿਰੋਧੀ ਕਾਰਵਾਈ ਕਰਦਿਆਂ ਮੱਛਰ ਦੇ ਪ੍ਰਜਨਨ ਸਰੋਤਾਂ ਨੂੰ ਖ਼ਤਮ ਕੀਤਾ ਗਿਆ।
ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਨ੍ਹਾਂ ਟੀਮਾਂ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਆਸ਼ਾ ਵਰਕਰਾਂ, ਨਰਸਿੰਗ ਕਰਮਚਾਰੀਆਂ ਅਤੇ ਪਿੰਡ ਸਿਹਤ, ਸਫ਼ਾਈ ਤੇ ਪੋਸ਼ਣ ਕਮੇਟੀਆਂ ਦੇ ਮੈਂਬਰਾਂ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਹਾਇਕ ਪ੍ਰੋਗਰਾਮ ਅਫ਼ਸਰ, ਐਨ.ਵੀ.ਬੀ.ਡੀ.ਸੀ.ਪੀ., ਪੰਜਾਬ ਸ੍ਰੀਮਤੀ ਬਲਜੀਤ ਕੌਰ, ਸਟੇਟ ਐਨਟੋਮੋਲੋਜਿਸਟ ਸ੍ਰੀ ਨਜਾਤ ਇੰਦਰ ਸਿੰਘ, ਸ੍ਰੀ ਪ੍ਰੇਮ ਸਰੂਪ, ਸ੍ਰੀ ਵਿਕਰਮ ਕੁਮਾਰ, ਸ੍ਰੀ ਅਮਰੀਕ ਸਿੰਘ, ਮੈਡੀਕਲ ਅਫ਼ਸਰ ਸ੍ਰੀ ਦਿਲਬਾਗ ਸਿੰਘ, ਸ੍ਰੀ ਰਣਜੀਤ ਸਿੰਘ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ ਅਤੇ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਰਕਾਰੀ ਪੱਧਰ ’ਤੇ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।
ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਆਪਣੇ ਘਰਾਂ, ਦਫ਼ਤਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਦੀਆਂ ਥਾਵਾਂ ਦੀ ਜਾਂਚ ਜ਼ਰੂਰ ਕਰਨ। ਕੂਲਰਾਂ, ਗਮਲਿਆਂ, ਪਾਣੀ ਵਾਲੇ ਭਾਂਡਿਆਂ, ਛੱਤਾਂ, ਪੁਰਾਣੇ ਟਾਇਰਾਂ ਅਤੇ ਹੋਰ ਥਾਵਾਂ ’ਤੇ ਖੜ੍ਹੇ ਪਾਣੀ ਨੂੰ ਤੁਰੰਤ ਖਾਲੀ ਕੀਤਾ ਜਾਵੇ ਅਤੇ ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਡੇਂਗੂ ਦੇ ਮੱਛਰ ਦੀ ਪੈਦਾਵਾਰ ਦੇ ਸੰਭਾਵਿਤ ਸਰੋਤਾਂ ਨੂੰ ਨਿਯਮਤ ਤੌਰ ’ਤੇ ਖ਼ਤਮ ਕੀਤਾ ਜਾਵੇ।
ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਵੇਖਣ ਅਤੇ ਨਿਗਰਾਨੀ ਦੌਰਾਨ ਸਿਹਤ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਵਿੱਚ ਡੇਂਗੂ ਨਾਲ ਸਬੰਧਤ ਲੱਛਣ, ਜਿਵੇਂ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਵਿੱਚ ਦਰਦ ਆਦਿ ਸਾਹਮਣੇ ਆਉਣ ਤਾਂ ਬਿਨਾਂ ਦੇਰੀ ਨੇੜਲੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਡਾ. ਕਟਾਰੀਆ ਨੇ ਕਿਹਾ ਕਿ ਜੇਕਰ ਹਰੇਕ ਪਰਿਵਾਰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਦਿਨ ਆਪਣੇ ਘਰ ਅਤੇ ਆਲੇ-ਦੁਆਲੇ ਦੀ ਜਾਂਚ ਕਰਕੇ ਖੜ੍ਹੇ ਪਾਣੀ ਦੇ ਸਰੋਤਾਂ ਨੂੰ ਖ਼ਤਮ ਕਰਨ ਲਈ ਸਰਗਰਮ ਭੂਮਿਕਾ ਨਿਭਾਏ ਤਾਂ ਡੇਂਗੂ ਦੇ ਫੈਲਾਅ ਨੂੰ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ।