ਬਰਨਾਲਾ, 6 ਜੂਨ 2026 Aj Di Awaaj
Punjab Desk: ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਗਰ ਨਿਗਮ ਬਰਨਾਲਾ ਵਲੋਂ ਕਮਿਸ਼ਨਰ ਨਗਰ ਨਿਗਮ ਕਮ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਮੌਕੇ ਕਮਿਊਨਿਟੀ ਫੈਸਿਲੀਟੇਟਰ ਪਾਰੁਲ ਗਰਗ ਅਤੇ ਪਵਨ ਕੁਮਾਰੀ ਨੇ ਮੋਟੀਵੇਟਰਾਂ ਦੇ ਸਹਿਯੋਗ ਨਾਲ ਵਾਰਡ ਪੱਧਰ ‘ਤੇ ਸ਼ਹਿਰ ਵਾਸੀਆਂ ਨਾਲ ਮੀਟਿੰਗਾਂ ਕਰਕੇ ਵਾਤਾਵਰਨ ਸੰਭਾਲ ਅਤੇ ਠੋਸ ਕੂੜਾ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ।
ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਨੂੰ ਕੂੜਾ ਵੱਖੋ ਵੱਖ ਕਰਨ ਅਤੇ ਠੋਸ ਕੂੜਾ ਪ੍ਰਬੰਧਨ ਨਿਯਮਾਂ-2026 ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਨਾਗਰਿਕਾਂ ਨੂੰ ਚਾਰ ਤਰ੍ਹਾਂ ਦੇ ਕੂੜੇ ਦੀ ਪਛਾਣ ਕਰਨ ਅਤੇ ਘਰਾਂ ਵਿੱਚ ਹੀ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ (ਹੋਮ ਕੰਪੋਸਟਿੰਗ) ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਐਨਜੀਓ ਨੇਚਰ ਲਵਰਜ਼ ਅਤੇ ਈਸ਼ਰ ਆਸ਼ਾ ਇਨਵਾਇਰਨਮੈਂਟ ਟਰੱਸਟ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਵੀ ਕੀਤਾ ਗਿਆ। ਸੈਮੀਨਾਰ ਦੌਰਾਨ ਪਲਾਸਟਿਕ ਕੂੜੇ ਨੂੰ ਘਟਾਉਣ, ਕੂੜੇ ਦੀ ਮੁੜ ਵਰਤੋਂ, ਪਾਣੀ ਦੀ ਬਚਤ ਅਤੇ ਪੰਛੀਆਂ ਦੀ ਸੰਭਾਲ ਵਰਗੇ ਵਿਸ਼ਿਆਂ ‘ਤੇ ਵਿਸ਼ੇਸ਼ ਭਾਸ਼ਣ ਦਿੱਤੇ ਗਏ।
ਇਸ ਤੋਂ ਇਲਾਵਾ ਟੀਮ ਵੱਲੋਂ ਘਰ-ਘਰ ਜਾ ਕੇ ਕੂੜੇ ਦੀ ਅਲੱਗ-ਅਲੱਗ ਛਾਂਟੀ (ਸੈਗਰੀਗੇਸ਼ਨ) ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਅਤੇ ਕੂੜਾ ਇੱਧਰ-ਉੱਧਰ ਨਾ ਸੁੱਟਣ ਲਈ ਪ੍ਰੇਰਿਤ ਕੀਤਾ ਗਿਆ।














