ਬਠਿੰਡਾ ’ਚ ਸ਼ਮਸ਼ਾਨਘਾਟ ਤੋਂ ਨਕਲੀ ਗੋਡੇ ਚੋਰੀ

22

ਬਠਿੰਡਾ: 08 Sep 2026 AJ DI Awaaj

Punjab Desk :    ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਮ੍ਰਿ*ਤਕ ਦੇ ਨਕਲੀ ਗੋਡੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਜਦੋਂ ਅਸਥੀਆਂ ਚੁਗਣ ਲਈ ਸ਼ਮਸ਼ਾਨਘਾਟ ਪਹੁੰਚਿਆ ਤਾਂ ਗੋਡੇ ਗਾਇਬ ਮਿਲੇ।

ਜਾਣਕਾਰੀ ਮੁਤਾਬਕ ਪਿੰਡ ਦੇ 65 ਸਾਲਾ ਸੌਦਾਗਰ ਸਿੰਘ ਦਾ ਦੋ ਦਿਨ ਪਹਿਲਾਂ ਦੇ*ਹਾਂਤ ਹੋਇਆ ਸੀ। ਉਨ੍ਹਾਂ ਦੇ ਦੋਵੇਂ ਗੋਡਿਆਂ ਦਾ ਆਪਰੇਸ਼ਨ ਹੋਇਆ ਸੀ, ਜਿਸ ‘ਤੇ ਕਰੀਬ 2 ਤੋਂ 2.5 ਲੱਖ ਰੁਪਏ ਖਰਚ ਹੋਏ ਸਨ। ਅੰਤਿਮ ਸੰਸਕਾਰ ਤੋਂ ਅਗਲੇ ਦਿਨ ਇੱਕ ਨੌਜਵਾਨ ਸ਼ਮਸ਼ਾਨਘਾਟ ਪਹੁੰਚਿਆ ਅਤੇ ਚਿਤਾ ਦੀ ਰਾਖ ਨੂੰ ਡੰਡੇ ਨਾਲ ਪਲਟਣ ਲੱਗਾ।

ਇਸ ਦੌਰਾਨ ਪਿੰਡ ਦੇ ਇੱਕ ਵਿਅਕਤੀ ਨੇ ਉਸ ਨੂੰ ਦੇਖ ਲਿਆ ਅਤੇ ਪੁੱਛਗਿੱਛ ਕੀਤੀ। ਨੌਜਵਾਨ ਨੇ ਪਹਿਲਾਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਹ ਗੋਡੇ ਲੈ ਕੇ ਉੱਥੋਂ ਚਲਾ ਗਿਆ। ਜਦੋਂ ਪਰਿਵਾਰ ਅਸਥੀਆਂ ਇਕੱਠੀਆਂ ਕਰਨ ਪਹੁੰਚਿਆ ਤਾਂ ਉਨ੍ਹਾਂ ਨੂੰ ਗੋਡੇ ਨਾ ਮਿਲਣ ‘ਤੇ ਸ਼ੱਕ ਹੋਇਆ।

ਪਰਿਵਾਰ ਅਤੇ ਪਿੰਡ ਵਾਸੀਆਂ ਨੇ ਨੌਜਵਾਨ ਦੀ ਭਾਲ ਕੀਤੀ ਅਤੇ ਉਸ ਨੂੰ ਗੋਡਿਆਂ ਸਮੇਤ ਫੜ ਲਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਕਥਿਤ ਤੌਰ ‘ਤੇ ਦੱਸਿਆ ਕਿ ਉਹ ਇਨ੍ਹਾਂ ਨੂੰ ਵੇਚਣ ਲਈ ਲੈ ਕੇ ਜਾ ਰਿਹਾ ਸੀ।

ਪਿੰਡ ਵਾਸੀਆਂ ਨੇ ਇਸ ਘਟਨਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਸ਼ਮਸ਼ਾਨਘਾਟ ਵਿੱਚ ਵੀ ਮ੍ਰਿ*ਤਕਾਂ ਦੀਆਂ ਚੀਜ਼ਾਂ ਸੁਰੱਖਿਅਤ ਨਹੀਂ ਹਨ ਤਾਂ ਇਹ ਬੇਹੱਦ ਗੰਭੀਰ ਮਾਮਲਾ ਹੈ। ਕੁਝ ਪਿੰਡ ਵਾਸੀਆਂ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਨੌਜਵਾਨ ਦੇ ਪਿੱਛੇ ਕੋਈ ਹੋਰ ਵਿਅਕਤੀ ਜਾਂ ਗਿਰੋਹ ਹੋ ਸਕਦਾ ਹੈ।

ਹਾਲਾਂਕਿ, ਇਸ ਮਾਮਲੇ ਵਿੱਚ ਫਿਲਹਾਲ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਮਾਮਲੇ ਵਿੱਚ ਸਾਹਮਣੇ ਆ ਰਹੇ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹੋਣਾ ਅਜੇ ਬਾਕੀ ਹੈ।