ਵੋਟਰ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਨਾਲ ਪਾਈ ਜਾ ਸਕੇਗੀ ਵੋਟ

40

ਬਰਨਾਲਾ, 25 ਮਈ 2026 AJ DI Awaaj

Punjab Desk :    ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣਕਾਰ ਅਫ਼ਸਰ  ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ  ਦੀਆਂ ਆਮ ਚੋਣਾਂ-2026 ਲਈ ਵੋਟਰਾਂ ਦੀ ਪਛਾਣ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਵੋਟਰ ਆਪਣੀ ਪਛਾਣ ਲਈ ਇਲੈਕਟੋਰਲ ਫੋਟੋ ਆਈਡੈਂਟੀਟੀ ਕਾਰਡ (EPIC) ਭਾਵ ਵੋਟਰ ਕਾਰਡ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਵਰਤ ਸਕਣਗੇ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਈਪਿਕ ਕਾਰਡ ਉਪਲਬਧ ਹੈ, ਉਹ ਆਪਣੇ ਕਾਰਡ ਰਾਹੀਂ ਵੋਟ ਪਾ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਵੋਟਰਾਂ ਕੋਲ ਇਹ ਕਾਰਡ ਨਹੀਂ ਹੈ, ਉਹ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫੋਟੋ ਵਾਲਾ ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਸਮੇਤ ਆਰਮਜ਼ ਲਾਇਸੈਂਸ, ਪੈਨਸ਼ਨ ਦਸਤਾਵੇਜ਼, ਆਜ਼ਾਦੀ ਘੁਲਾਟੀਏ ਪਛਾਣ ਪੱਤਰ, ਬੈਂਕ ਜਾਂ ਡਾਕਖਾਨੇ ਦੀ ਫੋਟੋ ਵਾਲੀ ਪਾਸਬੁੱਕ, ਮਜ਼ਦੂਰੀ ਮੰਤਰਾਲੇ ਵੱਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਾਰੀ ਸਰਕਾਰੀ ਪਛਾਣ ਪੱਤਰ, ਯੂਨੀਕ ਡਿਸਏਬਿਲਟੀ ਆਈਡੀ ਕਾਰਡ (UDID), ਕੇਂਦਰ/ਰਾਜ ਸਰਕਾਰ, ਪੀਐੱਸਯੂ ਜਾਂ ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਸਰਵਿਸ ਆਈਡੀ ਕਾਰਡ ਅਤੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਵੱਲੋਂ ਜਾਰੀ ਵਿਦਿਆਰਥੀ ਪਛਾਣ ਪੱਤਰ ਦੀ ਵਰਤੋਂ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਦਸਤਾਵੇਜ਼ ਪਰਿਵਾਰ ਦੇ ਮੁਖੀ ਦੇ ਨਾਮ ’ਤੇ ਹੈ ਤਾਂ ਉਸ ਦੇ ਆਧਾਰ ’ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਪਛਾਣ ਕੀਤੀ ਜਾ ਸਕਦੀ ਹੈ, ਬਸ਼ਰਤੇ ਉਨ੍ਹਾਂ ਦੀ ਪਛਾਣ ਸਪੱਸ਼ਟ ਹੋਵੇ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਵੋਟਿੰਗ ਵਾਲੇ ਦਿਨ ਆਪਣੇ ਨਾਲ ਲਾਜ਼ਮੀ ਪਛਾਣ ਦਸਤਾਵੇਜ਼ ਜ਼ਰੂਰ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।