ਮਾਨ ਸਰਕਾਰ ਵੱਲੋਂ ₹ 8500 ਕਰੋੜ ਦਾ ਹੋਰ ਕਰਜ਼ਾ ਲਿਆ ਗਿਆ ਵਿੱਤ ਮੰਤਰੀ ਚੀਮਾ ਨੇ ਦਿੱਤਾ ਵਜ੍ਹਾ

42

ਚੰਡੀਗੜ੍ਹ:02 july 2025 AJ DI Awaaj

Punjab Desk : ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ (ਜੁਲਾਈ ਤੋਂ ਸਤੰਬਰ) ਦੌਰਾਨ ₹8,500 ਕਰੋੜ ਦਾ ਹੋਰ ਕਰਜ਼ਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੀ ਪੁਸ਼ਟੀ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਕੀਤੀ ਗਈ ਹੈ। ਇਹ ਕਰਜ਼ਾ ਹਰ ਹਫ਼ਤੇ ਅਲੱਗ-ਅਲੱਗ ਕ਼ਿਸਤਾਂ ਵਿਚ ਲਿਆ ਜਾਵੇਗਾ। ਜੁਲਾਈ ਮਹੀਨੇ ਦੌਰਾਨ ₹2,000 ਕਰੋੜ ਤੇ ਅਗਸਤ ਵਿੱਚ ₹3,000 ਕਰੋੜ ਦਾ ਕਰਜ਼ਾ ਚੁੱਕਣ ਦੀ ਯੋਜਨਾ ਹੈ।

ਇਸ ਤਾਜ਼ਾ ਕਰਜ਼ੇ ਨਾਲ 2025-26 ਸਾਲ ਵਿੱਚ ਹੁਣ ਤੱਕ ਪੰਜਾਬ ਨੇ ₹14,741.92 ਕਰੋੜ ਦਾ ਕਰਜ਼ਾ ਲੈ ਲਿਆ ਹੈ। ਸਿਰਫ਼ ਅਪ੍ਰੈਲ ਅਤੇ ਮਈ ਦੌਰਾਨ ਹੀ ₹6,241.92 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਸੀ। ਸਰਕਾਰ ਨੇ ਪੂਰੇ ਸਾਲ ਲਈ ₹34,201.11 ਕਰੋੜ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।

ਮਾਲੀ ਮਾਮਲਿਆਂ ਦੀ ਗੰਭੀਰਤਾ ਨੂੰ ਸਮਝਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਾਰਚ 2024 ਤੱਕ ਪੰਜਾਬ ਦਾ ਕੁੱਲ ਬਕਾਇਆ ਕਰਜ਼ਾ ₹3.82 ਲੱਖ ਕਰੋੜ ਸੀ, ਜੋ ਕਿ ਸੂਬੇ ਦੇ ਕੁੱਲ ਘਰੇਲੂ ਉਤਪਾਦ (GSDP) ਦਾ 44% ਤੋਂ ਵੱਧ ਹੈ। ਹੁਣ ਇਹ ਅੰਕੜਾ ਮਾਰਚ 2026 ਤੱਕ ਵੱਧ ਕੇ ₹4 ਲੱਖ ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਇਸਦਾ ਸਿੱਧਾ ਅਸਰ ਸੂਬੇ ਦੀ ਆਮ ਆਬਾਦੀ ਉੱਤੇ ਪੈਂਦਾ ਦਿੱਖ ਰਿਹਾ ਹੈ। ਲਗਭਗ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਵਿੱਚ, ਪ੍ਰਤੀ ਵਿਅਕਤੀ ਕਰਜ਼ਾ ਹੁਣ ₹1.33 ਲੱਖ ਦੇ ਆਸ-ਪਾਸ ਹੋ ਗਿਆ ਹੈ।

ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ, ਖਾਸ ਕਰਕੇ ਤਾਂ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਵੀ ਇਹ ਦਰਸਾਇਆ ਗਿਆ ਸੀ ਕਿ ਪੰਜਾਬ ਦੇ ਕਰਜ਼ੇ ਅਤੇ ਜੀਐਸਡੀਪੀ ਦਾ ਅਨੁਪਾਤ ਦੇਸ਼ ਵਿੱਚ ਦੂਜੇ ਸਥਾਨ ‘ਤੇ ਹੈ।

ਚੀਮਾ ਨੇ ਵਜ੍ਹਾ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਰਜ਼ਿਆਂ ਅਤੇ ਵਿੱਤੀ ਬੋਝ ਨੂੰ ਝੱਲਣ ਲਈ ਨਵੇਂ ਕਰਜ਼ੇ ਲੈਣੇ ਪੈ ਰਹੇ ਹਨ, ਪਰ ਨਿਵੇਸ਼ ਅਤੇ ਵਿਕਾਸ ਦੇ ਮੌਕੇ ਵੀ ਖੋਲ੍ਹੇ ਜਾ ਰਹੇ ਹਨ।