ਅੰਮ੍ਰਿਤਪਾਲ ਸਿੰਘ ਨੇ ਡੋਪ ਟੈਸਟ ਲਈ ਦਿੱਤੀ ਪੇਸ਼ਕਸ਼, ਕਿਹਾ – “ਅਸੀਂ ਨਹੀਂ ਡਰਦੇ, ਸੱਚ ਸਾਹਮਣੇ ਆਏਗਾ”

5

Punjab 02 Aug 2025 Aj Di Awaaj

Punjab Desk : ਵਾਰਿਸ ਪੰਜਾਬ ਦੇ ਮੁਖੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਆਪਣੇ ਖਿਲਾਫ ਨਸ਼ੇ ਦੀ ਆਦਤ ਸਬੰਧੀ ਲਾਏ ਗਏ ਦੋਸ਼ਾਂ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਡੋਪ ਟੈਸਟ ਲਈ ਤਿਆਰੀ ਜਤਾਈ ਹੈ। ਉਨ੍ਹਾਂ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨਸ਼ਾ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਕੀਲ ਨੇ ਕਿਹਾ, “ਜੇਕਰ ਪੰਜਾਬ ਪੁਲਿਸ ਚਾਹੇ, ਤਾਂ ਡਿਬਰੂਗੜ੍ਹ ਜਾ ਕੇ ਅੰਮ੍ਰਿਤਪਾਲ ਦਾ ਡੋਪ ਟੈਸਟ ਕਰਵਾ ਸਕਦੀ ਹੈ। ਅਸੀਂ ਝੂਠੇ ਦੋਸ਼ਾਂ ਤੋਂ ਨਹੀਂ ਡਰਦੇ। ਉਹ ਇਕ ਸਾਫ਼-ਸੁਥਰੀ ਛਵੀ ਵਾਲਾ ਨੌਜਵਾਨ ਹੈ।”

ਇਹ ਵਿਆਖਿਆ ਉਹਨਾਂ ਦੋ ਸਾਥੀਆਂ ਦੇ ਬਿਆਨਾਂ ਮਗਰੋਂ ਆਈ, ਜਿਨ੍ਹਾਂ ਨੇ ਪੁਲਿਸ ਚਾਰਜਸ਼ੀਟ ਮੁਤਾਬਕ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਨਸ਼ਾ ਕਰਦਾ ਹੈ। ਵਕੀਲ ਦਾ ਆਰੋਪ ਹੈ ਕਿ ਪੁਲਿਸ ਨੇ ਇਹ ਬਿਆਨ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਕੇ ਲਿਖਵਾਏ ਹਨ।

ਵਕੀਲ ਖਾਰਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਹ ਸਿਰਫ ਅੰਮ੍ਰਿਤਪਾਲ ਦੀ ਛਵੀ ਨੂੰ ਖਰਾਬ ਕਰਨ ਲਈ ਰਚੀ ਗਈ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨੀ ਰਾਹੀਂ ਆਪਣਾ ਸਚ ਸਾਹਮਣੇ ਲਿਆਉਣ ਲਈ ਪੂਰੀ ਤਿਆਰੀ ਨਾਲ ਅੱਗੇ ਵਧ ਰਹੇ ਹਾਂ।