ਝੋਨਾ ਲਗਾਉਣ ਗਈ ਕੁੜੀ ਨਾਲ ਛੁੱਟੀ ‘ਤੇ ਆਏ ਫੌਜੀ ਵੱਲੋਂ ਜ਼ਬਰ ਜਨਾਹ ਕਰਨ ਦਾ ਦੋਸ਼

79

 

ਅਜਨਾਲਾ (ਜਿਲ੍ਹਾ ਅੰਮ੍ਰਿਤਸਰ) –04 July 2025 AJ Di Awaaj

Punjab Desk :ਹਲਕਾ ਅਜਨਾਲਾ ਦੇ ਪਿੰਡ ਛੋਟਾ ਫੱਤੇਵਾਲ ‘ਚ ਇੱਕ ਨਿਕਰਲੇ ਘਟਨਾ ਸਾਹਮਣੇ ਆਈ ਹੈ ਜਿੱਥੇ ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੀ ‘ਤੇ ਆਏ ਪਿੰਡ ਦੇ ਹੀ ਇਕ ਫੌਜੀ ਵੱਲੋਂ ਮੋਟਰ ਵਾਲੇ ਕਮਰੇ ‘ਚ ਜ਼ਬਰ-ਜਨਾਹ ਕੀਤੇ ਜਾਣ ਦਾ ਗੰਭੀਰ ਦੋਸ਼ ਲਾਇਆ ਗਿਆ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਲੜਕੀ ਦੁਪਹਿਰ ਸਮੇਂ ਖੇਤਾਂ ‘ਚ ਝੋਨਾ ਲਗਾ ਰਹੀ ਸੀ ਤੇ ਉਸ ਤੋਂ ਬਾਅਦ ਮੋਟਰ ਵਾਲੇ ਕਮਰੇ ਨੇੜੇ ਰੋਟੀ ਖਾ ਰਹੀ ਸੀ। ਇਸ ਦੌਰਾਨ, ਛੁੱਟੀ ‘ਤੇ ਆਏ ਫੌਜੀ ਅਤੇ ਉਸਦੇ ਚਾਚੇ ਨੇ ਲੜਕੀ ਨੂੰ ਜ਼ਬਰਦਸਤੀ ਕਮਰੇ ਵਿੱਚ ਲੈ ਜਾ ਕੇ ਉਸ ਨਾਲ ਜ਼ਬਰ-ਜਨਾਹ ਕੀਤਾ। ਲੜਕੀ ਵੱਲੋਂ ਰੌਲਾ ਪਾਉਣ ‘ਤੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ।

ਲੜਕੀ ਅਤੇ ਉਸਦੇ ਪਰਿਵਾਰ ਨੇ ਪੁਲਿਸ ਕੋਲ ਦਰਖਾਸਤ ਦਾਖਲ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ। ਲੜਕੀ ਦੀ ਮਾਂ ਅਤੇ ਭਰਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਨਾਲ ਬਹੁਤ ਵੱਡੀ ਨਾਈਂਸਾਫੀ ਹੋਈ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਮਾਮਲੇ ‘ਤੇ ਜਾਂਚ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਵੁਮੈਨ ਸੈੱਲ ਨੂੰ ਮਿਲੀ ਦਰਖਾਸਤ ਦੇ ਆਧਾਰ ‘ਤੇ ਜਾਂਚ ਚਲ ਰਹੀ ਹੈ ਅਤੇ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ, ਉਹ ਕੀਤੀ ਜਾਵੇਗੀ।

ਲੜਕੀ ਦੇ ਪਰਿਵਾਰ ਨੇ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਅਤੇ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।