ਏਮਜ਼ ਨੇ 209 ਕਿਲੋ ਦੇ ਮਰੀਜ਼ ਦਾ ਕੀਤਾ ਸਫਲ ਇਲਾਜ

21

ਨਵੀਂ ਦਿੱਲੀ: 07 Aug 2026 AJ DI Awaaj

National Desk :   ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਨੇ 209 ਕਿਲੋ ਭਾਰ ਵਾਲੇ 32 ਸਾਲਾ ਮਰੀਜ਼ ਦਾ ਸਫਲ ਇਲਾਜ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਮਰੀਜ਼ ਸੁਪਰ-ਸੁਪਰ ਮੋਟਾਪੇ ਅਤੇ ਔਬਸਟਰਕਟਿਵ ਸਲੀਪ ਐਪਨੀਆ (OSA) ਵਰਗੀਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਸੀ।

ਡਾਕਟਰਾਂ ਮੁਤਾਬਕ ਮਰੀਜ਼ ਦਾ ਬਾਡੀ ਮਾਸ ਇੰਡੈਕਸ (BMI) 74 kg/m² ਸੀ। ਇਸ ਤੋਂ ਇਲਾਵਾ ਉਹ ਹਾਈ ਬਲੱਡ ਪ੍ਰੈਸ਼ਰ, ਪ੍ਰੀ-ਡਾਇਬੀਟੀਜ਼, ਹਾਈ ਕੋਲੈਸਟ੍ਰੋਲ, ਐਸਿਡ ਰਿਫਲਕਸ, ਡਿਪਰੈਸ਼ਨ ਅਤੇ ਗੋਡਿਆਂ ਦੇ ਦਰਦ ਵਰਗੀਆਂ ਸਮੱਸਿਆਵਾਂ ਨਾਲ ਵੀ ਜੂਝ ਰਿਹਾ ਸੀ। ਸ਼ੁਰੂਆਤੀ ਇਲਾਜ ਦੌਰਾਨ CPAP ਮਸ਼ੀਨ ਦੀ ਵਰਤੋਂ ਕੀਤੀ ਗਈ, ਪਰ ਹਾਲਤ ਗੰਭੀਰ ਹੋਣ ‘ਤੇ ਇੰਟਿਊਬੇਸ਼ਨ ਅਤੇ ਐਮਰਜੈਂਸੀ ਟ੍ਰੈਕੀਓਸਟੋਮੀ ਕਰਨੀ ਪਈ।

ਸਰਜਰੀ ਤੋਂ ਪਹਿਲਾਂ ਮਰੀਜ਼ ਨੂੰ 32 ਦਿਨ ਤੱਕ ਵਿਸ਼ੇਸ਼ ਡਾਈਟ ਅਤੇ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ। ਬੈਰੀਏਟ੍ਰਿਕ ਸਰਜਨ, ਐਨਸਥੀਸੀਆ ਮਾਹਿਰ, ਡਾਈਟੀਸ਼ੀਅਨ ਅਤੇ ਫਿਜ਼ੀਓਥੈਰੇਪਿਸਟ ਸਮੇਤ ਮਾਹਿਰਾਂ ਦੀ ਟੀਮ ਨੇ 24 ਜੁਲਾਈ ਨੂੰ ਸਫਲ ਬੈਰੀਏਟ੍ਰਿਕ ਸਰਜਰੀ ਕੀਤੀ।

ਇਲਾਜ ਤੋਂ ਬਾਅਦ 6 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੱਕ ਮਰੀਜ਼ ਦਾ ਵਜ਼ਨ 209 ਕਿਲੋ ਤੋਂ ਘੱਟ ਕੇ 160 ਕਿਲੋ ਰਹਿ ਗਿਆ। ਯਾਨੀ ਸਿਰਫ਼ 14 ਦਿਨਾਂ ਵਿੱਚ 49 ਕਿਲੋ ਭਾਰ ਘਟਿਆ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਹੁਣ ਸਥਿਰ ਹੈ ਅਤੇ ਉਸ ਦੀ ਨਿਯਮਤ ਫਾਲੋ-ਅੱਪ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।

ਏਮਜ਼ ਦੇ ਮਾਹਿਰਾਂ ਅਨੁਸਾਰ, ਔਬਸਟਰਕਟਿਵ ਸਲੀਪ ਐਪਨੀਆ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਨੀਂਦ ਦੌਰਾਨ ਸਾਹ ਦਾ ਰਸਤਾ ਵਾਰ-ਵਾਰ ਬੰਦ ਹੋ ਜਾਂਦਾ ਹੈ। ਸਮੇਂ ਸਿਰ ਇਲਾਜ ਨਾ ਮਿਲਣ ‘ਤੇ ਇਹ ਦਿਲ ਅਤੇ ਹੋਰ ਅੰਗਾਂ ‘ਤੇ ਵੀ ਗੰਭੀਰ ਪ੍ਰਭਾਵ ਪਾ ਸਕਦੀ ਹੈ।