ਕੰਨਾਂ ਦੀ ਸਮੱਸਿਆ ਤੋਂ ਬਚਣ ਲਈ ਏਅਰਪੋਡ ਅਤੇ ਏਅਰਫੋਨ ਦੀ ਵਰਤੋਂ ਤੋਂ ਪਰਹੇਜ਼ ਕਰਨ ਦੀ ਸਲਾਹ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ

13

ਸਿਵਲ ਹਸਪਤਾਲ ਤਰਨ ਤਾਰਨ ਵਿਖ਼ੇ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ
ਤਰਨ ਤਾਰਨ, 3 ਮਾਰਚ 2025 Aj Di Awaaj

ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ, ਸਿਵਲ ਹਸਪਤਾਲ, ਤਰਨ ਤਾਰਨ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸੋਮਵਾਰ ਨੂੰ ਵਿਸ਼ਵ ਹੇਅਰਿੰਗ (ਸੁਣਨ ਸ਼ਕਤੀ) ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਵਰਿੰਦਰ ਪਾਲ ਕੌਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ, ਨੋਡਲ ਅਫ਼ਸਰ (ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਡੇਫਨੈਸ) ਡਾ.ਮਨਮੋਹਨ ਸਿੰਘ ਅਤੇ ਮੈਡੀਕਲ ਅਫ਼ਸਰ, ਸੁਰਿੰਦਰ ਕੁਮਾਰ ਵੀ ਮੌਜੂਦ ਰਹੇ।
ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕੰਨ, ਨੱਕ ਅਤੇ ਗਲੇ ਵਿਭਾਗ ਵਿੱਚ ਜਾ ਕੇ ਮਰੀਜ਼ਾਂ ਨਾਲ ਵਿਸ਼ਵ ਹੇਅਰਿੰਗ ਦਿਵਸ ਅਤੇ ਕੰਨਾਂ ਦੇ ਸਾਂਭ-ਸੰਭਾਲ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਉਹਨਾਂ ਦੱਸਿਆ, ਕਿ ਵਿਸ਼ਵ ਹੀਅਰਿੰਗ ਦਿਵਸ ਮਨਾਉਣ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਕੰਨਾਂ ਦੇ ਸਾਂਭ-ਸੰਭਾਲ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਉਹ ਬੋਲੇਪਣ ਦੀ ਸਮੱਸਿਆ ਤੋਂ ਬੱਚ ਸਕਣ। ਕੰਨ-ਨਾਕ ਗਲੇ ਦੇ ਮਾਹਿਰ ਅਤੇ ਸਿਵਲ ਸਰਜਨ ਡਾ. ਰਾਏ ਨੇ ਕਿਹਾ, ਕਿ ਜੇਕਰ ਵਿਅਕਤੀ ਆਪਣੇ ਕੰਨਾਂ ਦੀ ਸਾਂਭ-ਸੰਭਾਲ ਪ੍ਰਤੀ ਹਮੇਸ਼ਾ ਸੁਚੇਤ ਰਹੇ, ਤਾਂ ਉਹ ਸਾਰੀ ਉਮਰ ਚੰਗੀ ਤਰ੍ਹਾਂ ਸੁਣ ਸਕਦਾ ਹੈ, ਪਰ ਜੇਕਰ ਅਸੀਂ ਆਪਣੇ ਕੰਨਾਂ ਦੀ ਸਾਂਭ-ਸੰਭਾਲ ਨਹੀਂ ਕਰਾਂਗੇ ਤਾਂ ਛੋਟੀ ਉਮਰ ਵਿੱਚ ਹੀ ਬੋਲੇਪਨ ਦੀ ਸਮੱਸਿਆ ਪੇਸ਼ ਆ ਸਕਦੀ ਹੈ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਅੱਜ ਕੱਲ ਇਹ ਆਮ ਵੇਖਣ ਵਿੱਚ ਪਾਇਆ ਜਾਂਦਾ ਹੈ ਕਿ ਬਹੁਤ ਲੋਕ ਕੰਨਾਂ ਦੇ ਵਿੱਚ ਏਅਰਫੋਨ ਜਾਂ ਫਿਰ ਏਅਰਪੋਡ ਦਾ ਬਹੁਤ ਵੱਧ ਚੜ ਕੇ ਇਸਤੇਮਾਲ ਕਰ ਰਹੇ ਹਨ ਅਤੇ ਬਹੁਤ ਉੱਚੀ ਆਵਾਜ਼  ਵਿੱਚ ਸੰਗੀਤ ਜਾਂ ਫਿਰ ਇਹਨਾਂ ਦੀ ਵਰਤੋਂ ਨਾਲ ਗੱਲ-ਬਾਤ ਕਰਦੇ ਹਨ ਪਰ ਇਹਨਾਂ ਦੀ  ਲੋੜ ਨਾਲੋਂ ਵੱਧ ਵਰਤੋਂ ਕੰਨਾਂ ਦੇ ਲਈ ਬਹੁਤ ਹਾਨੀਕਾਰਕ ਹੈ।

ਪ੍ਰੋਗਰਾਮ ਅਫ਼ਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਸਿਹਤ ਵਿਭਾਗ ਦੇ ਰਾਸ਼ਟਰੀ ਬਾਲ ਸਵਾਸਥ ਕਰਿਆ-ਕਰਮ ਅਧੀਨ ਜੇਕਰ ਕਿਸੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਬੋਲੇਪਨ ਦੀ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਸ ਦੀ ਜਾਂਚ ਉਪਰੰਤ ਵਿਭਾਗ ਵੱਲੋਂ ਕੋਕਲੀਅਰ ਇੰਪਲਾਂਟ ਦੀ ਸਹੂਲਤ ਬਿਲਕੁਲ ਮੁਫਤ ਮੁਹਈਆ ਕਰਵਾਈ ਜਾਂਦੀ ਹੈ। ਇਸ ਇੰਪਲਾਂਟ ਤੋਂ ਬਾਅਦ ਬੱਚੇ ਦੀ ਸੁਣਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਉਹਨਾਂ ਕਿਹਾ ਕਿ ਸਿਹਤ ਕਰਮੀਆਂ ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਲੋਕ ਕੰਨਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਹੋਣ।
ਐਸ ਐਮ ਓ ਡਾ. ਸਰਬਜੀਤ ਸਿੰਘ ਨੇ  ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੰਨਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਕੰਨਾਂ ਦੀ ਜਾਂਚ ਅਤੇ ਇਲਾਜ ਕਰਵਾਉਣ। ਉਹਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੰਨਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਨੋਡਲ ਅਫ਼ਸਰ, ਡਾ. ਮਨਮੋਹਨ ਸਿੰਘ ਨੇ ਕਿ ਵਿਅਕਤੀ ਨੂੰ ਆਪਣੇ ਕੰਨਾਂ ਦੇ ਵਿੱਚ ਕਦੇ ਵੀ ਏਅਰਬਡ ਜਾਂ ਫਿਰ ਨੁਕੀਲੀ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਵਿਅਕਤੀ  ਅਜਿਹਾ ਕਰਦਾ ਹੈ ਤਾਂ ਉਸਨੂੰ  ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਵਿਭਾਗ ਵਲੋਂ ਸਿਹਤ ਵਿਭਾਗ ਵਲੋਂ ਆਰ ਬੀ ਐਸ ਕਿ ਪ੍ਰੋਗਰਾਮ ਤਹਿਤ ਬੋਲੇਪਨ ਤੋਂ ਪੀੜਿਤ ਬੱਚਿਆਂ ਨੂੰ ਮੁਫ਼ਤ ਉਪਕਰਣ ਲਗਾਏ ਜਾਂਦੇ ਹਨ ਤਾਂ ਜੋ ਉਹਨਾਂ ਦੀ ਸੁਣਨ ਸ਼ਕਤੀ ਵਿਚ ਸੁਧਾਰ ਹੋਵੇ।