ਮਿਲਾਵਟਖੋਰੀ ਵਿਰੁੱਧ ਪ੍ਰਸ਼ਾਸਨ ਸਖ਼ਤ

1

ਬਰਨਾਲਾ, 12 ਅਕਤੂਬਰ 2026 AJ DI Awaaj

Punjab Desk :   ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵਲੋਂ 9 ਕੇਸਾਂ ਵਿੱਚ ਵੱਖ-ਵੱਖ ਫਰਮਾਂ ਤੇ ਮਾਲਕਾਂ ਨੂੰ 1 ਲੱਖ 85 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੁੱਧ, ਪਨੀਰ ਅਤੇ ਵੱਖ-ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ ਤੇ ਡੇਅਰੀ ਪਦਾਰਥਾਂ ਵਿਚ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਨਮੂਨੇ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਹ ਨਮੂਨੇ ਲੈਣ ਮਗਰੋਂ ਸਿਹਤ ਵਿਭਾਗ ਵਲੋਂ ਖਰੜ ਲੈਬ ਵਿੱਚ ਭੇਜੇ ਜਾਂਦੇ ਹਨ ਜਿੱਥੇ ਮਾਪਦੰਡਾਂ ‘ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿੱਚ ਵਿਚਾਰੇ ਜਾਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਆਈ.ਏ.ਐੱਸ ਨੇ ਦੱਸਿਆ ਕਿ 8 ਅਕਤੂਬਰ ਨੂੰ ਓਹਨਾਂ ਦੀ ਅਦਾਲਤ ਵਿੱਚ 9 ਕੇਸਾਂ ਵਿੱਚ 1 ਲੱਖ 85 ਹਜ਼ਾਰ 500 ਰੁਪਏ ਜੁਰਮਾਨਾ ਕੀਤਾ ਗਿਆ। ਇਨ੍ਹਾਂ ਵਿਚ ਬਰਨਾਲਾ ਦੀਆਂ ਦੋ ਫਰਮਾਂ ਦੇ  ਪਨੀਰ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ,  ਇੱਕ ਫਰਮ ਦੇ ਮਿਕਸ ਦੁੱਧ ਦੇ ਨਮੂਨੇ ਸਬ ਸਟੈਂਡਰਡ ਹੋਣ, ਇੱਕ ਫਰਮ ਦੇ ਖੋਇਆ ਬਰਫ਼ੀ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇੱਕ ਫਰਮ ਦੇ ਮਿਲਕ ਕੇਕ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇੱਕ ਫਰਮ ਦੇ ਦਹੀਂ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ, ਇੱਕ ਫਰਮ ਦੇ ਲਾਲ ਚਟਨੀ, ਇੱਕ ਫਰਮ ਦੇ ਸਰ੍ਹੋਂ ਦੇ ਤੇਲ ਅਤੇ ਰਾਮਪੁਰਾ ਫੂਲ (ਬਠਿੰਡਾ) ਦੀਆਂ ਦੋ ਫਰਮਾਂ ਦੇ ਪਨੀਰ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ ਦੇ ਮਾਮਲੇ ਵਿਚ ਇਹ ਜੁਰਮਾਨਾ ਕੀਤਾ ਗਿਆ। ਓਹਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਅਜਿਹੇ ਮਾਮਲਿਆਂ ਵਿੱਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।