ਤਰਨ ਤਾਰਨ, 25 ਸਤੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਬਾਰਦਾਨਾ ਆਦਿ ਦੇ ਪੁਖਤਾ ਇੰਤਾਜ਼ਮ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ, ਬਿਜਲੀ, ਬੈਠਣ ਲਈ ਜਗ੍ਹਾ ਤੇ ਪਖਾਨਿਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਫਸਲ ਦੀ ਨਾਲੋ-ਨਾਲੋ ਖਰੀਦ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਜ਼ਿਆਦਾ ਦੇਰ ਮੰਡੀਆਂ ਵਿੱਚ ਨਾ ਬੈਠਣਾ ਪਵੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਖਰੀਦੀ ਗਈ ਫਸਲ ਦੀ 24 ਘੰਟੇ ਵਿੱਚ ਅਦਾਇਗੀ ਕਰਨੀ ਯਕੀਨੀ ਬਣਾਈ ਜਾਵੇਗੀ।
ਉਹਨਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿੱਚ 9,30,186 ਮੀਟਿਰਿਕ ਟਨ ਝੋਨੇ ਦੀ ਖ਼ਰੀਦ ਹੋਈ ਹੈ ਅਤੇ ਇਸ ਸੀਜ਼ਨ ਦੌਰਾਨ ਵੀ ਲਗਭਗ 9,30,186 ਮੀਟਿਰਿਕ ਟਨ ਝੋਨੇ ਦੀ ਖ਼ਰੀਦ ਹੋਣ ਦਾ ਅਨੁਮਾਨ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 60 ਪੱਕੀਆਂ ਮੰਡੀਆਂ ਹਨ ਅਤੇ ਇਸ ਤੋਂ ਇਲਾਵਾ ਲੋੜ ਪੈਣ `ਤੇ ਸਬ ਮੰਡੀ ਯਾਰਡ ਵੀ ਬਣਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸੀਜ਼ਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਕਿਸਾਨ ਅਨਾਜ ਮੰਡੀਆਂ ਵਿੱਚ ਕੇਵਲ ਸੁੱਕੀ ਜਿਣਸ ਹੀ ਲਿਆਉਣ ਤਾਂ ਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਨਿਰਧਾਰਤ ਸਮੇਂ ਸੀਮਾ ਦੇ ਅੰਦਰ-ਅੰਦਰ ਝੋਨੇ ਦੀ ਸਰਕਾਰੀ ਖਰੀਦ ਕਰਵਾ ਕੇ ਅਦਾਇਗੀ ਸਬੰਧੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਵਿੱਚ ਨਮੀ 17 ਫ਼ੀਸਦ ਤੋਂ ਵਧੇਰੇ ਹੋਣ ਦੀ ਸੂਰਤ ਵਿੱਚ ਖਰੀਦ ਏਜੰਸੀਆਂ ਖਰੀਦ ਕਰਨ ਵਿੱਚ ਅਸਮਰੱਥ ਹੁੰਦੀਆਂ ਹਨ ਅਤੇ ਮੰਡੀਆਂ ਵਿੱਚ ਅਜਿਹੇ ਨਮੀ ਵਾਲੇ ਝੋਨੇ ਦੇ ਭੰਡਾਰ ਲੱਗ ਜਾਂਦੇ ਹਨ।
ਸ਼੍ਰੀ ਰਾਹੁਲ ਨੇ ਸਮੂਹ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਹਰ ਕਿਸਾਨ ਨੂੰ ਸੁਚੇਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਆਉਂਦੇ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਸਬੰਧੀ ਹਰ ਪ੍ਰਕਿਰਿਆ ਨੂੰ ਤੇਜ਼ੀ ਦੇ ਆਧਾਰ `ਤੇ ਨੇਪਰੇ ਚੜ੍ਹਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਉਣੀ ਦੇ ਸ਼ੀਜ਼ਨ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਸ਼ਾਮ 06 ਵਜੇ ਤੋਂ ਰਾਤ 10 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਕਰਨ ਅਤੇ ਰਾਤ ਸਮੇਂ ਕੰਬਾਇਨਾਂ/ਹਾਰਵੈਸਟਰ ਦੇ ਅੱਗੇ ਬਲੇਡ ਲਗਾ ਕੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਅਤੇ ਲਿੰਕ ਸੜਕਾਂ ‘ਤੇ ਚੱਲਣ ‘ਤੇ ਵੀ ਮੁਕੰਮਲ ਤੌਰ ‘ਤੇ ਰੋਕ ਲਗਾਈ ਗਈ ਹੈ।
