ਤੰਦਰੁਸਤ ਮਾਂ, ਤੰਦਰੁਸਤ ਬੱਚਾ: ਸਿਹਤਮੰਦ ਭਵਿੱਖ ਦੀ ਨੀਂਹ- ਡਾ.ਜੰਗਜੀਤ ਸਿੰਘ

48

ਕੀਰਤਪੁਰ ਸਾਹਿਬ 19 ਜੂਨ 2025 Aj Di Awaaj

Punjab Desk : ਡਾਕਟਰ ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਕੀਰਤਪੁਰ ਸਾਹਿਬ ਅਧੀਨ ਆਉਂਦੇ ਆਯੁਸ਼ਮਾਨ ਅਰੋਗਿਆ ਕੇਂਦਰ ਦਸਗਰਾਈਂ ਵਿਖੇ ਗਰਭਵਤੀ ਔਰਤਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮਕਸਦ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਲੋੜੀਂਦੀਆਂ ਸਿਹਤ ਸੇਵਾਵਾਂ, ਪੋਸ਼ਣ, ਟੀਕਾਕਰਨ ਅਤੇ ਸਾਵਧਾਨੀਆਂ ਬਾਰੇ ਜਾਣੂ ਕਰਵਾਉਣਾ ਸੀ।

     ਡਾ.ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਜਣੇਪੇ ਤੱਕ ਮੁਫ਼ਤ ਸਿਹਤ ਸੁਵਿਧਾਵਾਂ ਦੇਣ ਦੇ ਨਾਲ ਨਾਲ ਉਹਨਾਂ ਨੂੰ ਇਸ ਅਵਸਥਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਛੋਟੀਆਂ-ਛੋਟੀਆਂ ਸਾਵਧਾਨੀਆਂ ਵਰਤ ਕੇ ਸਿਹਤਮੰਦ ਭਵਿੱਖ ਦੀ ਨੀਂਹ ਰੱਖੀ ਜਾ ਸਕਦੀ ਹੈ ਇਸਲਈ ਗਰਭਵਤੀ ਔਰਤਾਂ ਨੂੰ ਸਮੇਂ ਸਮੇਂ ‘ਤੇ ਸਿਹਤ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਜਾਗਰੂਕਤਾ ਕੈਪਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

    ਬਲਾਕ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਆਯੂਸ਼ਮਾਨ ਅਰੋਗਿਆ ਕੇਂਦਰ ਦਸਗਰਾਈਂ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਕਮਿਊਨਿਟੀ ਹੈਲਥ ਅਫ਼ਸਰ (ਸੀ.ਐੱਚ.ਓ) ਗਗਨਦੀਪ ਕੌਰ ਨੇ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਸਹੀ ਖ਼ੁਰਾਕ, ਸਿਹਤ ਦੀ ਨਿਯਮਤ ਜਾਂਚ, ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦੇ ਮਹੱਤਵ ਅਤੇ ਟੀਕਾਕਰਨ ਦੀ ਲੋੜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕੈਂਪ ਵਿੱਚ ਆਈਆਂ ਮਹਿਲਾਵਾਂ ਨੇ ਸਵਾਲ ਪੁੱਛ ਕੇ ਆਪਣੇ ਸ਼ੰਕੇ ਵੀ ਦੂਰ ਕੀਤੇ। ਕੈਂਪ ਦੌਰਾਨ ਸਿਹਤ ਕਰਮਚਾਰੀਆਂ ਵੱਲੋਂ ਗਰਭਵਤੀ ਔਰਤਾਂ ਦੀ ਨਿਯਮਤ ਜਾਂਚ ਵੀ ਕੀਤੀ ਗਈ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਅਮਿਤ ਸ਼ਰਮਾ, ਏ.ਐੱਨ.ਐੱਮ ਕੁਲਵੰਤ ਕੌਰ, ਪ੍ਰਕਾਸ਼ ਦੇਵੀ, ਮਨਦੀਪ ਕੌਰ ਹਾਜ਼ਰ ਸਨ।