ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਖੇਤ ਦਿਵਸ ਮਨਾਇਆ ਗਿਆ

1

ਫ਼ਿਰੋਜ਼ਪੁਰ, 6 ਅਕਤੂਬਰ 2026 AJ DI Awaaj

Punjab Desk  :   ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਸਾਧੂਵਾਲਾ ਵਿਖੇ ਖੇਤ ਦਿਵਸ ਮਨਾਇਆ ਗਿਆ।
ਇਸ ਮੌਕੇ ਕੈਂਪ ਦੀ ਸ਼ੁਰੂਆਤ ਦੌਰਾਨ ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਦੇ ਪਾਣੀ ਦੀ ਬੱਚਤ ਵਿੱਚ ਯੋਗਦਾਨ ਬਾਰੇ ਦੱਸਦਿਆਂ ਕਾਰਬਨ ਕ੍ਰੈਡਿਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਸਾਧੂਵਾਲਾ ਤਕਰੀਬਨ 300 ਏਕੜ ਉੱਪਰ ਸਿੱਧੀ ਬਿਜਾਈ ਕਰਕੇ ਹੋਰਨਾਂ ਪਿੰਡਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਨਾਲ ਕਣਕ, ਜਵੀਂ ਅਤੇ ਛੋਲਿਆਂ ਦੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਉਪਲਬਧ ਕਿਸਮਾਂ ਅਤੇ ਉਹਨਾਂ ਦੇ ਗੁਣਾਂ ਬਾਰੇ ਵਿਸਥਾਰਪੂਰਵਕ ਦੱਸਿਆ।

ਡਾ. ਮਨਜੀਤ ਕੌਰ ਨੇ ਕਿਸਾਨਾਂ ਨਾਲ ਸਿੱਧੀ ਬਿਜਾਈ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ / ਸਹੀ ਨਿਪਟਾਰੇ ਲਈ ਵੀ ਪ੍ਰੇਰਿਆ। ਉਹਨਾਂ ਕਿਹਾ ਕਿ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨ ਮਿੱਟੀ ਟੈਸਟ ਕਰਾ ਕੇ ਜੈਵਿਕ ਮਾਦੇ ਦਾ ਫਰਕ ਦੇਖ ਸਕਦੇ ਹਨ।
ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੁਆਰਾ ਸਿਫਾਰਸ਼ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨਾਲ ਪਿਆਜ਼ ਦੀਆਂ ਪੀ ਆਰ ਓ-6, ਪੀ ਆਰ ਓ-7, ਪੀ ਓ ਐੱਚ-1, ਆਲੂ ਦੀਆਂ ਕਿਸਮਾਂ ਪੀ ਪੀ 101, 102, 103 ਅਤੇ ਪੀ ਪੀ 104, ਟਮਾਟਰ ਦੀ ਪੰਜਾਬ ਰੱਤਾ, ਬੈਂਗਣ ਦੀ ਪੰਜਾਬ ਰੌਣਕ, ਪੰਜਾਬ ਹਿੰਮਤ ਅਤੇ ਮਿਰਚ ਦੀਆਂ ਸੀ ਐੱਚ-27 ਅਤੇ ਸੀ ਐੱਚ-52 ਦੇ ਗੁਣਾਂ ਬਾਰੇ ਚਰਚਾ ਕੀਤੀ ਅਤੇ ਕਿਸਾਨਾਂ ਨੂੰ ਇਹ ਕਿਸਮਾਂ ਅਪਨਾਉਣ ਲਈ ਪ੍ਰੇਰਿਆ।
ਡਾ ਹਰਵਿੰਦਰ ਸਿੰਘ ਬੁੱਟਰ, ਸਹਾਇਕ ਪ੍ਰੋਫ਼ੈਸਰ (ਪੌਦ ਸੁਰੱਖਿਆ) ਨੇ ਕਿਸਾਨਾਂ ਨਾਲ ਝੋਨੇ ਅਤੇ ਬਾਸਮਤੀ ਅਤੇ ਕਣਕ ਵਿੱਚ ਕੀਟ ਅਤੇ ਬਿਮਾਰੀ ਪ੍ਰਬੰਧਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਕਿਸਾਨਾਂ ਨੂੰ ਸ. ਸੁਖਬੀਰ ਸਿੰਘ ਦੇ ਸਿੱਧੀ ਬਿਜਾਈ ਵਾਲੇ ਖੇਤ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਸਿੱਧੀ ਬਿਜਾਈ ਅਤੇ ਝੋਨੇ ਦੀ ਕਿਸਮ ਪੀ.ਆਰ-126 ਬਾਰੇ ਪ੍ਰੈਕਟੀਕਲ ਤਰੀਕੇ ਜਾਣਕਾਰੀ ਦਿੱਤੀ ਗਈ।
ਖੇਤ ਦਿਵਸ ਦੇ ਅਖੀਰ ਵਿੱਚ ਮਾਹਿਰਾਂ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।